ਕਰਤਾਰਪੁਰ ਲਾਂਘਾ-ਬਾਬੇ ਨਾਨਕ ਦਾ ਚਮਤਕਾਰ ! : Dr. Amarjit Singh washington D.C
Submitted by Administrator
Tuesday, 19 November, 2019- 01:03 pm
ਕਰਤਾਰਪੁਰ ਲਾਂਘਾ-ਬਾਬੇ ਨਾਨਕ ਦਾ ਚਮਤਕਾਰ ! :  Dr. Amarjit Singh washington D.C


ਸਿੱਖ ਕੌਮ ਦੀਆਂ ਅਰਦਾਸਾਂ ਬਾਬੇ ਨਾਨਕ ਦੀ ਜ਼ਾਹਰਾ ਕਲਾ ਰਾਹੀਂ ਪਰਵਾਨ ਹੋਈਆਂ!
''ਯੂਪੀ ਬਿਹਾਰ ਦੇ ਲੋਕ ਇਸ ਗੱਲ ਨੂੰ ਸਮਝ ਹੀ ਨਹੀਂ ਸਕਦੇ। ਉਹ ਕਦੇ ਪੰਜਾਬ ਨਹੀਂ ਹੋ ਸਕਦੇ। ਜੋ (ਪੰਜਾਬ ਦੇ ਲੋਕ) ਹਿੰਸਾ ਦੇ ਸਾਰੇ ਦੌਰ ਨੂੰ ਝੱਲਦੇ ਹੋਏ ਇਕ ਲਾਂਘਾ (ਕਰਤਾਰਪੁਰ ਸਾਹਿਬ ) ਮਿਲ ਜਾਣ 'ਤੇ ਖੁਸ਼ ਹਨ, ਕਿ ਚਲੋ ਇੱਕ ਰਸਤਾ ਤਾਂ ਖੁੱਲ੍ਹਿਆ, ਜਿਸ 'ਤੇ ਚੱਲ ਉਹ ਆਪਣੀ ਵਿਰਾਸਤ ਨੂੰ ਦੇਖ ਸਕਦੇ ਹਨ। ਪੰਜਾਬ ਨੂੰ ਸਮਝ ਆ ਗਈ ਹੈ ਕਿ ਹਿੰਦੀ ਸੂਬਿਆਂ ਦੀ ਥੋਪੀ ਹੋਈ ਬੇਵਕੂਫੀ ਤੋਂ ਇਕ ਦਿਨ ਪਾਸਾ ਵੱਟਣਾ ਹੀ ਹੋਵੇਗਾ। ਅਸੀਂ ਅਤੇ ਤੁਸੀਂ ਪੰਜਾਬ ਨਹੀਂ ਹਾਂ। ਇਸ ਲਈ ਕਰਤਾਰਪੁਰ ਲਾਂਘੇ ਦਾ ਮਹੱਤਵ ਇਕ ਦਰਸ਼ਨ ਕਰਨ ਤੱਕ
ਸੀਮਤ ਨਜ਼ਰ ਆਵੇਗਾ। ਦਿਲਾਂ ਦਾ ਦਰਿਆ-ਦਿਲ ਹੋਣਾ ਨਜ਼ਰ ਨਹੀਂ ਆਵੇਗਾ। ਰੱਬ ਭਾਰਤ ਨੂੰ ਹਿੰਦੀ ਪ੍ਰਦੇਸ਼ਾਂ ਦੀ ਤੰਗ ਸੋਚ ਤੋਂ ਮੁਕਤੀ ਦੇਵੇ।''
- ਬਿਹਾਰ ਦਾ ਪੁੱਤ ਰਵੀਸ਼ ਕੁਮਾਰ (ਐਨ. ਡੀ. ਟੀ. ਵੀ. ਐਂਕਰ)


         ਵਾਸ਼ਿੰਗਟਨ (ਡੀ. ਸੀ.), 16 ਨਵੰਬਰ 2019-ਮਜ਼ਹਬੀ ਦੁਨੀਆ ਦੇ ਲੋਕਾਂ ਵਿੱਚ ਅਕਸਰ ਕ੍ਰਿਸ਼ਮੇ ਜਾਂ ਚਮਤਕਾਰ ਨੂੰ ਲੈ ਕੇ ਬਹਿਸ ਹੁੰਦੀ ਹੈ ਕਿ ਕੀ ਇਹ ਰੱਬ ਦਾ ਸ਼ਰੀਕ ਬਣਨਾ ਹੈ ਜਾਂ ਰੱਬ ਨਾਲ ਜੁੜੇ ਲੋਕਾਂ ਦਾ ਸੁਤੇ-ਸਿੱਧ ਕ੍ਰਿਸ਼ਮਈ ਪ੍ਰਗਟਾਵਾ। ਈਸਾਈ ਮੱਤ ਵਿੱਚ, ਵੈਟੀਕਨ ਵਲੋਂ ਕਿਸੇ ਸ਼ਖਸ ਨੂੰ 'ਸੰਤ ਦੀ ਪਦਵੀ' ਦੇਣ ਦੀ ਸ਼ਰਤ ਹੀ ਇਹ ਹੁੰਦੀ ਹੈ ਕਿ ਉਸ ਦੇ ਜੀਵਨ-ਕਾਲ ਨਾਲ ਜੁੜੀਆਂ ਘੱਟੋ-ਘੱਟ ਦੋ ਕਰਾਮਾਤਾਂ ਜ਼ਰੂਰ ਹੋਣ। ਇਸਲਾਮ ਵਿੱਚ ਭਾਵੇਂ ਕਿਸੇ ਨੂੰ ਰੱਬ ਦਾ ਸ਼ਰੀਕ ਮੰਨਣ ਦੇ ਖਿਲਾਫ ਸਖਤ ਹਦਾਇਤਾਂ ਹਨ ਪਰ ਇਸ ਦੇ ਬਾਵਜੂਦ ਵਲੀ, ਔਲੀਆ ਉਹ ਹੀ ਮੰਨੇ ਜਾਂਦੇ ਹਨ, ਜੋ ਕੋਈ ਕ੍ਰਿਸ਼ਮਾ ਵਿਖਾਉਂਦੇ ਹਨ। ਸਿੱਖ ਧਰਮ ਵਿੱਚ 'ਕਰਾਮਾਤ' ਨੂੰ 'ਕਹਿਰ' ਮੰਨਿਆ ਜਾਂਦਾ ਹੈ ਪਰ ਗੁਰੂ ਸਾਹਿਬਾਨ ਦੇ ਜੀਵਨ ਕਾਲ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਅਤੇ ਇਤਿਹਾਸਕ ਸਥਾਨ ਕਰਾਮਾਤ ਦੀ ਹੋਂਦ ਦੀ ਪੁਸ਼ਟੀ ਕਰਦੀਆਂ ਹਨ। ਸ਼ਰਧਾਵਾਨਾਂ ਅਤੇ ਤਰਕਵਾਦੀਆਂ ਵਿੱਚ ਇਸ ਵਿਸ਼ੇ 'ਤੇ ਲਗਾਤਾਰ ਨੋਕ-ਝੋਕ ਰਹਿੰਦੀ ਹੈ।
         'ਜ਼ਾਹਰ ਪੀਰ, ਜਗਤ ਗੁਰ ਬਾਬਾ' ਸਤਿਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼-ਪੁਰਬ 'ਤੇ, ਇਸ ਧਰਤੀ 'ਤੇ ਵਸਦੇ ਸੱਤ ਬਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਜ਼ਾਹਰ-ਕਰਾਮਾਤ ਵੇਖੀ। ਸਾਊਥ ਏਸ਼ੀਆ ਵਿਚਲੇ ਨਿਊਕਲੀਅਰ ਹਥਿਆਰਾਂ ਨਾਲ ਲੈਸ ਦੋ ਮੁਲਕਾਂ -ਭਾਰਤ ਤੇ ਪਾਕਿਸਤਾਨ ਵਿਚਕਾਰ, ਜਿਥੇ ਪਿਛਲੇ ਕਈ ਦਹਾਕਿਆਂ ਤੋਂ ਸਿਰਫ ਤੇ ਸਿਰਫ ਨਫਰਤ ਤੇ ਗਾਲੀ-ਗਲੋਚ ਦੀ ਤਜ਼ਾਰਤ ਹੁੰਦੀ ਹੈ, ਉਥੇ ਹੁਣ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿਚਲੇ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਆਪਸ ਵਿੱਚ ਜੋੜਨ ਵਾਲੇ 'ਲਾਂਘੇ' (ਕੋਰੀਡੋਰ) ਨੂੰ ਬਣਾ ਕੇ ਖੋਲ੍ਹ ਦਿੱਤਾ। 10 ਮਹੀਨਿਆਂ 'ਚ ਇੰਨੀ ਵੱਡੀ ਉਸਾਰੀ ਸੰਪੂਰਨ ਹੋ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੜੇ ਸ਼ਾਨੋ-ਸ਼ੌਕਤ ਵਾਲੇ ਇੱਕ ਸਮਾਗਮ ਦੌਰਾਨ 'ਲਾਂਘੇ' ਲਈ ਸੰਗੇ-ਬੁਨਿਆਦ ਰੱਖਿਆ। ਇਹ ਸਭ ਇੰਨਾ ਅਚਾਨਕ ਹੋਇਆ ਕਿ ਸਾਊਥ ਏਸ਼ੀਆ ਦੇ ਮਸਲਿਆਂ 'ਤੇ 'ਮਾਹਿਰਾਂ' ਵਜੋਂ ਜਾਣੇ ਜਾਂਦੇ ਦਾਨਿਸ਼ਵਰਾਂ, ਬੁੱਧੀਜੀਵੀਆਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਸਭ ਅਚਾਨਕ ਕਿਵੇਂ ਸੰਭਵ ਹੋ ਗਿਆ?
          ਲਾਂਘੇ ਦੇ ਉਦਘਾਟਨ ਮੌਕੇ ਪਿਛਲੇ ਸਾਲ ਐਨ. ਡੀ. ਟੀ. ਵੀ. ਦੇ ਬੜੇ ਮਸ਼ਹੂਰ ਐਂਕਰ ਰਵੀਸ਼ ਕੁਮਾਰ ਨੇ ਆਪਣੇ ਕਰਤਾਰਪੁਰ ਲਾਂਘੇ ਸਬੰਧੀ ਸ਼ੋਅ ਦੀ ਸ਼ੁਰੂਆਤ ਇਨ੍ਹਾਂ ਲਫਜ਼ਾਂ ਨਾਲ ਕੀਤੀ 'ਐਸਾ ਬਹੁਤ ਕਮ ਹੋਤਾ ਹੈ ਕਿ ਗਲੇ ਮਿਲਨੇ ਪਰ ਹੰਗਾਮਾ ਹੋ ਔਰ ਅੰਜ਼ਾਮ ਗਲਿਆਰਾ ਬਨਾਨੇ ਪਰ ਖਤਮ ਹੋ। ਯੇ ਕ੍ਰਿਸ਼ਮਾ ਗੁਰੂ ਨਾਨਕ ਕੇ ਨਾਮ ਪਰ ਹੀ ਹੋ ਸਕਦਾ ਹੈ। ਭਾਰਤ ਔਰ ਪਾਕਿਸਤਾਨ ਜੋ ਸੀਮਾ ਪਰ ਬੰਕਰ ਬਨਾਤੇ ਰਹਿਤੇ ਹੈਂ,
        ਪਹਿਲੀ ਵਾਰ ਗਲਿਆਰਾ ਭੀ ਬਨਾ ਰਹੇ ਹੈਂ। ਰਾਜਨੀਤੀ ਕੁਛ ਔਰ ਕਰਾਤੀ ਹੈ, ਨੀਯਤੀ (ਕੁਦਰਤ) ਕੁਛ ਔਰ...।'
        ਹੁਣ ਲਾਂਘਾ ਖੁੱਲ੍ਹ ਜਾਣ 'ਤੇ ਉਸੇ ਰਵੀਸ਼ ਕੁਮਾਰ ਨੇ ਲਿਖਿਐ : ''ਯੂਪੀ ਬਿਹਾਰ ਦੇ ਲੋਕ ਇਸ ਗੱਲ ਨੂੰ ਸਮਝ ਹੀ ਨਹੀਂ ਸਕਦੇ। ਉਹ ਕਦੇ ਪੰਜਾਬ ਨਹੀਂ ਹੋ ਸਕਦੇ। ਜੋ (ਪੰਜਾਬ ਦੇ ਲੋਕ) ਹਿੰਸਾ ਦੇ ਸਾਰੇ ਦੌਰ ਨੂੰ ਝੱਲਦੇ ਹੋਏ ਇਕ ਲਾਂਘਾ (ਕਰਤਾਰਪੁਰ ਸਾਹਿਬ) ਮਿਲ ਜਾਣ 'ਤੇ ਖੁਸ਼ ਹਨ ਕਿ ਚਲੋ ਇੱਕ ਰਸਤਾ ਤਾਂ ਖੁੱਲ੍ਹਿਆ, ਜਿਸ 'ਤੇ ਚੱਲ ਉਹ ਆਪਣੀ ਵਿਰਾਸਤ ਨੂੰ ਦੇਖ ਸਕਦੇ ਹਨ। ਪੰਜਾਬ ਨੂੰ ਸਮਝ ਆ ਗਈ ਹੈ ਕਿ ਹਿੰਦੀ ਸੂਬਿਆਂ ਦੀ ਥੋਪੀ ਹੋਈ ਬੇਵਕੂਫੀ ਤੋਂ ਇਕ ਦਿਨ ਪਾਸਾ ਵੱਟਣਾ ਹੀ ਹੋਵੇਗਾ। ਅਸੀਂ ਅਤੇ ਤੁਸੀਂ ਪੰਜਾਬ ਨਹੀਂ ਹਾਂ। ਇਸ ਲਈ ਕਰਤਾਰਪੁਰ ਲਾਂਘੇ ਦਾ ਮਹੱਤਵ ਇਕ ਦਰਸ਼ਨ ਕਰਨ ਤੱਕ ਸੀਮਤ ਨਜ਼ਰ ਆਵੇਗਾ। ਦਿਲਾਂ ਦਾ ਦਰਿਆ-ਦਿਲ ਹੋਣਾ ਨਜ਼ਰ ਨਹੀਂ ਆਵੇਗਾ। ਰੱਬ ਭਾਰਤ ਨੂੰ ਹਿੰਦੀ ਪ੍ਰਦੇਸ਼ਾਂ ਦੀ ਤੰਗ ਸੋਚ ਤੋਂ ਮੁਕਤੀ ਦੇਵੇ।''
          ਜ਼ਾਹਰ ਹੈ ਕਿ ਰਾਜਨੀਤੀ ਦੀ ਦੁਨੀਆ ਵਿੱਚ ਆਪਣਾ ਜਮਾ-ਨਫੀ ਚੱਲ ਰਿਹਾ ਹੁੰਦਾ ਹੈ ਪਰ ਅਕਾਲ ਪੁਰਖ ਦੇ ਦੇਸ਼ ਦਾ ਆਪਣਾ ਵਿਧੀ ਵਿਧਾਨ ਹੁੰਦਾ ਹੈ। ਯਾਦ ਰਹੇ ਕਿ 1499 ਈਸਵੀ ਵਿੱਚ ਵੇਂਈਂ ਦੇ ਕੰਢੇ, ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਸਾਹਿਬ ਦਾ ਜੱਗ ਨੂੰ ਦਿੱਤਾ ਪਹਿਲਾ ਸੁਨੇਹਾ ਸੀ- 'ਨਾ ਕੋ ਹਿੰਦੂ, ਨਾ ਮੁਸਲਮਾਨ।' ਪਿਛਲੇ 72 ਵਰ੍ਹਿਆਂ ਤੋਂ ਵਾਘਾ-ਹੁਸੈਨੀਵਾਲਾ ਦੇ ਆਰ-ਪਾਰ ਦੇਸ਼ਾਂ ਭਾਰਤ ਤੇ ਪਾਕਿਸਤਾਨ ਵਿਚਲੀਆਂ ਦੋ ਕੌਮਾਂ ਹਿੰਦੂ ਤੇ ਮੁਸਲਮਾਨਾਂ ਦੇ ਚੱਲ ਰਹੇ 'ਖੂਨੀ ਟਕਰਾਅ' ਨੂੰ ਬਾਬੇ ਨਾਨਕ ਦੀ ਅਜ਼ਮਤ ਨਾਲ ਵਰੋਸਾਈ, ਗੁਰੂ ਨਾਨਕ ਦੀ 'ਕੀਤੋਸ ਅਪਣਾ ਪੰਥ ਨਿਰਾਲਾ' ਦੀ ਵੱਖਰੀ ਵਿਚਾਰਧਾਰਾ ਵਾਲੀ ਸਿੱਖ ਕੌਮ ਹੀ ਰੋਕਣ ਦੀ ਸਮਰੱਥਾ ਰੱਖਦੀ ਹੈ। 'ਕਰਤਾਰਪੁਰ ਲਾਂਘਾ' ਬਾਬੇ ਦੀ ਅਜ਼ਮਤ ਦਾ ਜ਼ਾਹਰਾ ਜ਼ਹੂਰ, ਹਾਜ਼ਰਾ-ਹਜ਼ੂਰ ਪ੍ਰਗਟਾਵਾ ਹੈ।
          15 ਅਗਸਤ, 1947 ਦੀ ਦੇਸ਼ ਵੰਡ ਵੇਲੇ ਵਾਹੀ 'ਰੈਡਕਲਿਫ ਲਾਈਨ' ਨੇ ਸਾਡੇ ਮੱਕੇ ਤੇ ਮਦੀਨੇ ਯਾਨੀ ਕਿ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਨੂੰ 170 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰਿਆਂ ਸਮੇਤ ਪਾਕਿਸਤਾਨ ਦੀ ਹਦੂਦ ਵਿੱਚ ਲਿਆਂਦਾ। ਲਗਭਗ ਸਮੁੱਚੀ ਸਿੱਖ ਕੌਮ ਹਿਜ਼ਰਤ ਕਰਕੇ ਭਾਰਤ ਦੀਆਂ ਹੱਦਾਂ ਵਿੱਚ ਆ ਗਈ। ਵਿੱਛੜੇ ਗੁਰਧਾਮਾਂ ਦੀ 'ਪੀੜ' ਅਰਦਾਸ ਬਣ ਕੇ ਪਿਛਲੇ 72 ਸਾਲਾਂ ਤੋਂ ਹਰ ਗੁਰਸਿੱਖ ਦੇ ਅੰਦਰੋਂ ਨਿੱਕਲਦੀ ਰਹੀ - 'ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਬਖਸ਼ੋ।' 1998 ਵਿੱਚ 'ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ' ਹੋਂਦ ਵਿੱਚ ਆਉਣ ਨਾਲ, ਗੁਰਦੁਆਰਿਆਂ ਦੀ ਸੇਵਾ ਸੰਭਾਲ ਵੱਲ ਸੁਚੱਜੀ ਪੇਸ਼ਕਦਮੀ ਹੋਈ। 1947 ਤੋਂ ਫੌਰਨ ਬਾਅਦ ਉਠਾਈ ਗਈ, ਸਿੱਖ ਕੌਮ ਵਲੋਂ ਕਰਤਾਰਪੁਰ ਸਾਹਿਬ ਤੱਕ 'ਖੁੱਲੀ ਪਹੁੰਚ' ਦੀ ਮੰਗ, 1999 ਵਿੱਚ ਬਕਾਇਦਾ ਤੌਰ 'ਤੇ ਲਾਹੌਰ ਵਿਚਲੀ ਵਾਜਪਾਈ- ਨਵਾਜ਼ ਸ਼ਰੀਫ ਮੀਟਿੰਗ ਦੇ ਏਜੰਡੇ 'ਤੇ ਰਹੀ।
         ਪਾਕਿਸਤਾਨ ਵਲੋਂ ਇਹ ਸਬੰਧੀ ਪਹਿਲੇ ਦਿਨ ਤੋਂ ਹੀ ਹਾਂ-ਪੱਖੀ ਪਹੁੰਚ ਰਹੀ। ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਵਿਧਾਨ ਸਭਾ ਵਲੋਂ ਕਰਤਾਰਪੁਰ ਲਾਂਘੇ ਲਈ ਦੋ ਵਾਰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ। ਦੁਆਬੇ ਦੇ ਪ੍ਰਮੁੱਖ ਅਕਾਲੀ ਲੀਡਰ ਸ. ਕੁਲਦੀਪ ਸਿੰਘ ਵਡਾਲਾ ਅਤੇ ਸਾਥੀਆਂ ਨੇ 2001 ਤੋਂ ਹੀ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਦੀ ਮੌਜੂਦਗੀ ਵਿੱਚ, ਕਰਤਾਰਪੁਰ ਸਾਹਿਬ ਵੱਲ ਮੂੰਹ ਕਰਕੇ ਲਾਂਘੇ ਲਈ ਅਰਦਾਸ ਕਰਨ ਦਾ ਸਿਲਸਿਲਾ ਆਰੰਭਿਆ। ਕੇਂਦਰ ਸਰਕਾਰਾਂ ਭਾਵੇਂ ਉਹ ਵਾਜਪਾਈ ਦੀ ਸੀ, ਮਨਮੋਹਣ ਸਿੰਘ ਦੀ ਜਾਂ ਨਰਿੰਦਰ ਮੋਦੀ ਦੀ, 'ਲਾਂਘੇ' ਨੂੰ ਰੋਕਣ ਵਿੱਚ ਲੱਗੀਆਂ ਰਹੀਆਂ। 'ਦੂਰਬੀਨਾਂ' ਲਾ ਦੇਣ ਨੂੰ ਹੀ ਉਹ ਸਿੱਖਾਂ 'ਤੇ ਕੀਤਾ ਬਹੁਤ ਵੱਡਾ ਅਹਿਸਾਨ ਦੱਸਦੀਆਂ ਰਹੀਆਂ। 'ਰਾਸ਼ਟਰੀ ਸੁਰੱਖਿਆ ਨੂੰ ਖਤਰਾ' ਦੱਸਦਿਆਂ, ਲਾਂਘੇ ਦੀ ਮੰਗ ਨੂੰ ਨਕਾਰ ਦਿੱਤਾ ਜਾਂਦਾ ਰਿਹਾ। 2016 ਵਿੱਚ ਸ਼ਸ਼ੀ ਥਰੂਰ ਦੀ ਅਗਵਾਈ ਵਿਚਲੀ ਪਾਰਲੀਮਾਨੀ ਕਮੇਟੀ ਨੇ ਇਸ ਮੰਗ ਨੂੰ ਪੱਕੇ ਤੌਰ 'ਤੇ ਰੱਦ ਕਰ ਦਿੱਤਾ। ਮੋਦੀ ਸਰਕਾਰ ਦੇ ਕਲਚਰ ਮਨਿਸਟਰ ਮਹੇਸ਼ ਸ਼ਰਮਾ ਨੇ 20 ਨਵੰਬਰ 2018 ਨੂੰ ਐਲਾਨ ਕੀਤਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰ ਸਾਇੰਸ ਤੇ ਤਕਨਾਲੋਜੀ ਮਨਿਸਟਰੀ ਨੂੰ ਕਿਹਾ ਗਿਆ ਹੈ ਕਿ 'ਉਹ ਡੇਰਾ ਬਾਬਾ ਨਾਨਕ ਵਿਖੇ ਇੱਕ ਵੱਡੀ ਸ਼ਕਤੀ ਵਾਲੀ ਦੂਰਬੀਨ ਲਾ ਦੇਣ ਅਤੇ ਨਾਲ ਹੀ ਇੱਕ ਵੱਡੀ ਸਕਰੀਨ ਵੀ ਤਾਂ ਕਿ ਸਿੱਖ ਸੰਗਤਾਂ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ।' ਪਾਕਿਸਤਾਨ ਵਲੋਂ 28 ਨਵੰਬਰ 2018 ਨੂੰ ਕਰਤਾਰਪੁਰ ਲਾਂਘੇ ਦਾ ਇਮਰਾਨ ਖਾਨ ਵਲੋਂ ਨੀਂਹ-ਪੱਥਰ ਰੱਖਣ ਦੀ ਖਬਰ ਨੇ, ਦਿੱਲੀ ਦੇ ਸੱਤਾ ਗਲਿਆਰਿਆਂ ਵਿੱਚ ਇੱਕ ਖਲਬਲੀ ਮਚਾ ਦਿੱਤੀ। ਮੋਦੀ ਕੈਬਨਿਟ ਨੇ ਐਮਰਜੈਂਸੀ ਮੀਟਿੰਗ ਕਰਕੇ ਫੈਸਲਾ ਲਿਆ ਕਿ ਭਾਰਤ ਵਲੋਂ 26 ਨਵੰਬਰ 2018 ਨੂੰ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਲਈ ਨੀਂਹ ਪੱਥਰ ਰੱਖਿਆ ਜਾਵੇਗਾ। ਸਿੱਖ ਕੌਮ ਦੀਆਂ ਅਰਦਾਸਾਂ ਬਾਬੇ ਨਾਨਕ ਦੀ ਜ਼ਾਹਰਾ ਕਲਾ ਰਾਹੀਂ ਪਰਵਾਨ ਹੋਈਆਂ ਤੇ ਅਖੀਰ 9 ਨਵੰਬਰ 2019 ਨੂੰ ਇਹ ਲਾਂਘਾ ਖੁੱਲ੍ਹ ਗਿਆ।
         ਦੁਨੀਆਂ ਦੇ ਕੂਟਨੀਤਕ ਇਤਿਹਾਸ ਵਿੱਚ ਇਹ ਬਹੁਤ ਵੱਡੀ ਪ੍ਰਾਪਤੀ ਵਾਲੀ ਘਟਨਾ ਹੈ। ਅੰਤਰਰਾਸ਼ਟਰੀ ਮੀਡੀਆ ਅਤੇ ਦਰਜਨਾਂ ਭਾਰਤੀ ਪੱਤਰਕਾਰਾਂ ਨੇ ਇਸ 'ਕਰਾਮਾਤੀ ਘਟਨਾ' ਨੂੰ ਕਵਰ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਵੀ ਹਾਜ਼ਰ ਹੋਈਆਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕੱਦ ਇਸ ਕਦਰ ਉੱਚਾ ਹੋ ਗਿਆ ਕਿ ਸਿੱਖ ਸੰਗਤ ਨੇ ਉਸ ਨੂੰ 'ਨੋਬਲ ਸ਼ਾਂਤੀ ਪੁਰਸਕਾਰ' ਦੇਣ ਦੀ ਮੰਗ ਕਰ ਦਿੱਤੀ। ਵਾਹਿਗੁਰੂ ਕਰੇ ਇਹ ਲਾਂਘਾ ਹੋਰ ਕਈ ਲਾਂਘੇ ਖੁਲਾਵੇ ਅਤੇ ਜਿਹੜੀ ਗੱਲ ਰਵੀਸ਼ ਕੁਮਾਰ ਨੇ ਆਖੀ ਹੈ, ਉਸ ਦੀ ਸਮਝ ਸਾਡੇ ਆਪਣਿਆਂ ਤੇ ਬੇਗਾਨਿਆਂ ਨੂੰ ਵੀ ਪੈ ਜਾਵੇ।
         ਪਾਕਿਸਤਾਨ ਵਿਚਲੇ ਪੰਜਾਬੀ ਸ਼ਾਇਰ ਇਰਸ਼ਾਦ ਸੰਧੂ ਵਲੋਂ ਇਸ ਸਬੰਧੀ ਲਿਖੀ ਗਈ ਇੱਕ ਦਿਲ ਟੁੰਬਵੀਂ ਨਜ਼ਮ ਦੋਹਾਂ ਪੰਜਾਬਾਂ ਵਿੱਚ ਜਾਗੀ ਅਮਨ ਤੇ ਆਸ ਦੀ ਕਿਰਨ ਨੂੰ ਕੁਝ ਇਨ੍ਹਾਂ ਲਫਜ਼ਾਂ ਵਿੱਚ ਬਿਆਨਦੀ ਹੈ -
'ਕੁਝ ਤੇ ਨੇੜ ਨੜੇਪਾ ਵਧਿਆ
ਕੁਝ ਤੇ ਆਸਾਂ ਪੁੱਗੀਆਂ।
ਕੁਝ ਤੇ ਵੈਰ ਦੇ ਨਾਗ ਮਿੱਧੀਜੇ
ਕੁਝ ਤਾਂ ਸਾਂਝਾਂ ਉੱਗੀਆਂ।
ਕੁਝ ਤੇ ਸੁੱਕੀ ਸਿੱਕ ਦੀ ਹਿੱਕ 'ਤੇ
ਖਿੜ ਪਏ ਫੁੱਲ ਨਰੋਏ।
ਕੁਝ ਤੇ ਦੂਰੀ ਵਾਲੇ ਕੰਡੇ
ਬੋਡੇ ਹੋ ਕੇ ਮੋਏ।
ਕੁਝ ਤੇ ਵਾਵਾਂ ਇੱਕ ਦੂਜੇ ਵੱਲ
ਹੱਸ ਕੇ ਬਾਂਹ ਵਧਾਈ
ਕੁਝ ਤੇ ਸੀਨੇ ਠਾਰਨ ਵਾਲੀ
ਜੱਫੀਆਂ ਦੀ ਰੁੱਤ ਆਈ.....।
ਕੁਝ ਤੇ ਲਹਿੰਦੇ ਚੜ੍ਹਦੇ ਵਲੋਂ
ਅਮਨਾਂ ਦਾ ਮੀਂਹ ਵਰ੍ਹਿਆ।
ਕੁਝ ਤੇ ਸਾਡੀ ਧਰਤੀ ਮਾਂ ਦਾ
ਬਲਦਾ ਸੀਨਾ ਠਰਿਆ।'
ਆਮੀਨ!

© 2011 | All rights reserved | Terms & Conditions