ਭਾਰਤੀ ਜ਼ਬਰ ਨੇ ਕਸ਼ਮੀਰ ਵਿੱਚ ਸੱਨਾਟਾ ਪਸਾਰਿਆ ਹੋਇਆ ਹੈ : ਮਹਿਮਾਨ ਸੰਪਾਦਕੀ
Submitted by Administrator
Sunday, 24 November, 2019- 12:27 pm
ਭਾਰਤੀ ਜ਼ਬਰ ਨੇ ਕਸ਼ਮੀਰ ਵਿੱਚ ਸੱਨਾਟਾ ਪਸਾਰਿਆ ਹੋਇਆ ਹੈ :  ਮਹਿਮਾਨ ਸੰਪਾਦਕੀ


* ਰਾਣਾ ਅਯੂਬ ਵਲੋਂ ਕਸ਼ਮੀਰ ਜਾ ਕੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ 'ਵਾਸ਼ਿੰਗਟਨ ਪੋਸਟ' ਵਾਸਤੇ ਭੇਜਿਆ ਗਿਆ ਇੱਕ ਖਾਸ ਲੇਖਾ (ਰਿਪੋਰਟ)


          ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨੂੰ ਜਾਂਦੇ ਰਾਹ ਉੱਤੇ ਦੁਪਹਿਰ ਵੇਲੇ ਵੀ ਸੰਨਾਟਾ ਪੱਸਰਿਆ ਹੋਇਆ ਸੀ ਤੇ ਅਵਾਰਾ ਡੰਗਰਾਂ ਤੇ ਕੁੱਤਿਆਂ ਤੋਂ ਬਿਨਾ ਹੋਰ ਕੋਈ ਵੀ ਨਜ਼ਰੀਂ ਨਹੀਂ ਸੀ ਪੈਂਦਾ। ਪਰ ਅਚਾਨਕ ਹੀ ਨੀਮ-ਫੌਜ ਦੇ ਉੱਚ ਅਫਸਰਾਂ ਨੂੰ ਆਪਣੀ ਰਾਖੀ ਵਿੱਚ ਲਿਜਾਣ ਵਾਲੇ ਦਸਤਿਆਂ ਦੀਆਂ ਗੱਡੀਆਂ ਦੇ ਰੌਲੇ ਨੇ ਇਸ ਡੂੰਘੀ ਚੁੱਪ ਨੂੰ ਤੋੜ ਦਿੱਤਾ।
          17 ਅਕਤੂਬਰ ਨੂੰ ਜਦੋਂ ਅਸੀਂ ਸੋਪੀਆਂ ਪੁੱਜੇ ਤਾਂ ਸੇਬਾਂ ਦੇ ਬਾਗਾਂ ਵਾਲੇ ਇਸ ਜਰਖੇਜ਼ ਇਲਾਕੇ ਦਾ ਇੱਕ ਬਾਸ਼ਿੰਦਾ ਸਾਨੂੰ ਫਿਰਦੌਸ ਜਾਨ ਦੇ ਘਰ ਲੈ ਗਿਆ, ਜਿਸ ਦੇ ਦੋ ਪੋਤੇ- ਜੁਨੈਦ (13 ਸਾਲ) ਅਤੇ ਅਹਿਮਦ (22 ਸਾਲ) ਨੂੰ 14 ਅਕਤੂਬਰ ਨੂੰ ਨੀਮ ਫੌਜੀ ਦਸਤਿਆਂ ਨੇ ਚੁੱਕ ਲਿਆ ਸੀ। 5 ਅਗਸਤ ਨੂੰ ਭਾਰਤ ਸਰਕਾਰ ਵਲੋਂ ਕਸ਼ਮੀਰ ਦੇ ਖਾਸ ਸਿਆਸੀ ਰੁਤਬੇ ਨੂੰ ਰੱਦ ਕਰ ਦੇਣ ਤੋਂ ਬਾਅਦ ਕਸ਼ਮੀਰ ਵਿੱਚ ਲੋਹੜੇ ਦੀ ਸਖਤੀ ਵਰਤਦਿਆਂ ਹਜ਼ਾਰਾਂ ਜਵਾਨ ਅਤੇ ਨਾਬਾਲਗ ਬੱਚੇ ਇੰਝ ਹੀ ਚੁੱਕ ਕੇ ਸੀਖਾਂ ਪਿੱਛੇ ਡੱਕੇ ਗਏ ਹਨ।
          92 ਸਾਲਾਂ ਦੀ ਬਜ਼ੁਰਗ ਫਿਰਦੌਸ ਜਾਨ ਦੇ ਘਰ ਜਦੋਂ 20 ਨੀਮ ਫੌਜੀਆਂ ਨੇ ਧਾਵਾ ਬੋਲਿਆ ਸੀ ਤਾਂ ਉਸਨੇ ਆਪਣੇ ਪੋਤੇ ਜੁਨੈਦ ਨੂੰ ਉਨ੍ਹਾਂ ਕੋਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਫੌਜੀਆਂ ਨੂੰ ਆਪਣੇ ਪੋਤੇ ਨੂੰ ਨਹੀਂ ਸੀ ਲਿਜਾਣ ਦੇ ਰਹੀ ਪਰ ਇੱਕ ਫੌਜੀ ਅਫਸਰ ਵਲੋਂ ਉਹਦੇ ਡਾਂਗ ਮਾਰਨ ਤੋਂ ਬਾਅਦ ਫੌਜੀਆਂ ਉਹਦੇ ਪੋਤੇ ਨੂੰ ਕਾਬੂ ਕਰ ਲਿਆ। ਬੀਬੀ ਜਾਨ ਦਾ ਕਹਿਣਾ ਹੈ ਕਿ ਸੈਂਕੜੇ ਨੀਮ-ਫੌਜੀਆਂ ਨੇ ਪਿੰਡ ਉੱਤੇ ਧਾਵਾ ਬੋਲ ਕੇ ਨੌਜਵਾਨਾਂ ਤੇ ਬੱਚਿਆਂ ਨੂੰ ਕਾਬੂ ਲਿਆ ਤੇ ਫਿਰ ਪਿੰਡ ਦੇ ਵੱਡੇ ਵਸਨੀਕਾਂ ਨਾਲ ਉਨ੍ਹਾਂ ਦੀ ਮਾਰ-ਕੁੱਟ ਸ਼ੁਰੂ ਕਰ ਦਿੱਤੀ। ਫੌਜੀ ਉਨ੍ਹਾਂ ਕੋਲੋਂ ਉਹਨਾਂ ਖਾੜਕੂਆਂ ਦਾ ਪਤਾ-ਟਿਕਾਣਾ ਪੁੱਛ ਰਹੇ ਸਨ, ਜਿਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਦੇ ਸੇਬਾਂ ਵਾਲੇ ਟਰੱਕ ਸਾੜੇ ਸਨ।
         ਬੀਬੀ ਜਾਨ ਦਾ ਗਵਾਂਢੀ ਮਹਿਮੂਦ ਯੂਸਫ ਬੱਟ, ਜਿਹਦੇ ਸੇਬਾਂ ਦੇ ਬਾਗ ਹਨ, ਢੇਰੀ ਢਾਹੀ ਬੈਠਾ ਸੀ ਤੇ ਉਹ ਜ਼ਿੰਦਗੀ ਤੋਂ ਹੀ ਨਿਰਾਸ਼ ਹੋ ਚੁੱਕਾ ਏ। ਉਸੇ ਰਾਤ ਉਸ ਦਾ ਪੁੱਤਰ ਸ਼ਕੀਰ ਅਹਿਮਦ ਬੱਟ (ਉਮਰ 30 ਸਾਲ) ਸਾੜੇ ਗਏ ਸੇਬਾਂ ਦੇ ਟਰੱਕਾਂ ਬਾਰੇ ਪਤਾ ਕਰਨ ਲਈ ਠਾਣੇ ਗਿਆ ਸੀ ਪਰ ਪੁਲਿਸ ਨੇ ਉਸਨੂੰ ਮਾਰੂ ਕਾਨੂੰਨ 'ਪਬਲਿਕ ਸੇਫਟੀ ਐਕਟ' ਲਾ ਕੇ ਗ੍ਰਿਫਤਾਰ ਕਰ ਲਿਆ। ਇਸ ਕਾਨੂੰਨ ਤਹਿਤ ਸਰਕਾਰ ਬਿਨਾ ਮੁਕੱਦਮਾ ਚਲਾਏ ਕਿਸੇ ਨੂੰ ਵੀ 2 ਸਾਲ ਤੱਕ ਨਜ਼ਰਬੰਦ ਰੱਖ ਸਕਦੀ ਹੈ। ''ਉਹ ਮੇਰੇ ਇਕਲੌਤੇ ਪੁੱਤ ਨੂੰ ਲੈ ਗਏ ਨੇ, ਸਾਡੇ ਸੇਬ ਖੇਤਾਂ ਵਿੱਚ ਸੜ੍ਹਦੇ ਪਏ ਨੇ, ਤੇ ਉਹ ਸਾਡੇ ਉੱਤੇ ਹੀ ਖਾੜਕੂਆਂ ਨੂੰ ਲੁਕਾਉਣ ਦਾ ਦੋਸ਼ ਲਾ ਰਹੇ ਹਨ'' ਮੁਹੰਮਦ ਨੇ ਮੇਰੇ ਨਾਲ ਗੱਲਬਾਤ ਦੌਰਾਨ ਦੱਸਿਆ। ''ਪਹਿਲਾਂ ਉਹਨਾਂ ਸਾਡੇ ਹੱਕ ਖੋਹੇ ਸਨ, ਤੇ ਹੁਣ ਉਹ ਸਾਨੂੰ ਖਾੜਕੂਆਂ ਨੂੰ ਲੁਕਾਉਣ ਦਾ ਦੋਸ਼ੀ ਠਹਿਰਾਅ ਰਹੇ ਨੇ''।
         ਜਿਨ੍ਹਾਂ ਬਾਸ਼ਿੰਦਿਆਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਦੱਸਿਆਂ ਕਿ ਸ਼ੋਪੀਆਂ ਵਿੱਚੋਂ 14 ਅਕਤੂਬਰ ਨੂੰ 300 ਨਾਬਾਲਗਾਂ ਨੂੰ ਫੌਜ ਨੇ ਚੁੱਕਿਆ ਹੈ।
          ਪੰਜਾਹ ਸਾਲਾਂ ਦੀ ਗੁਲਸ਼ਨ ਸ਼ੋਪੀਆਂ ਠਾਣੇ ਦੇ ਗੇੜੇ ਕੱਢ ਰਹੀ ਏ, ਜਿੱਥੇ ਕਿ ਉਸ ਦਾ ਪਤੀ ਆਪਣੇ ਦੋ ਪੁੱਤਰਾਂ, ਰਈਸ ਅਹਿਮਦ (11 ਸਾਲ) ਅਤੇ ਲਿਆਕਤ ਅਹਿਮਦ (14 ਸਾਲ) ਦੀ ਰਿਹਾਈ ਲਈ ਤਰਲੇ ਪਾ ਰਿਹਾ ਸੀ। ਉਹ ਦੋਵੇਂ ਸ਼੍ਰੀਨਗਰ ਵਿੱਚ ਪੜ੍ਹਦੇ ਸਨ ਪਰ ਸੇਬਾਂ ਦੇ ਬਾਗਾਂ ਵਿੱਚ ਆਪਣੇ ਘਰਦਿਆਂ ਦਾ ਕੰਮ 'ਚ ਹੱਥ ਵਟਾਉਣ ਲਈ ਪਿੰਡ ਆਏ ਹੋਏ ਸਨ। ''ਅਸੀਂ ਆਪਣੇ ਜਵਾਕਾਂ ਨੂੰ ਬਾਗ ਵਿੱਚ ਭੇਜਣ ਤੋਂ ਡਰਦੇ ਹਾਂ ਕਿਉਂਕਿ ਓਥੇ ਸੀ.ਆਰ.ਪੀ.ਐਫ. ਵਾਲੇ ਡੇਰਾ ਲਾਈ ਬੈਠੇ ਹਨ ਤੇ ਉਹ ਸਾਡੇ ਬਾਲਾਂ ਨੂੰ ਵੇਖਦਿਆਂ ਹੀ ਫੜ੍ਹ ਲੈਂਦੇ ਹਨ'' ਗੁਲਸ਼ਨ ਨੇ ਕਿਹਾ। ਉਸ ਨੂੰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕੋਲੋਂ ਡਰਨਾ ਚਾਹੀਦਾ ਹੈ: ਖਾੜਕੂਆਂ ਤੋਂ ਜਾਂ ਫੌਜੀਆਂ ਤੋਂ।
         ਜਦੋਂ ਉਕਤ ਦਾਅਵਿਆਂ ਦੀ ਤਸਦੀਕ ਲਈ ਮੈਂ ਸ਼ੋਪੀਆਂ ਠਾਣੇ ਵਿੱਚ ਗਈ ਤਾਂ ਛੋਟੇ ਠਾਣੇਦਾਰ ਨਜ਼ੀਰ ਅਹਿਮਦ ਨੇ ਕਿਹਾ ਕਿ ਉਸ ਨੂੰ ਇਨ੍ਹਾਂ ਗ੍ਰਿਫਤਾਰੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਸ ਦਾ ਫੋਨ ਲੰਘੇ ਚਾਰ ਦਿਨਾਂ ਤੋਂ ਨਹੀਂ ਚੱਲ ਰਿਹਾ। ਉਹਦੇ ਇਸ ਜਵਾਬ ਤੋਂ ਉਸਦੇ ਨਾਲ ਵਾਲੇ ਇੱਕ ਦੂਜੇ ਵੱਲ ਵੇਖ ਮੁਸ਼ਕੜੀਆਂ 'ਚ ਹੱਸੇ। ਠਾਣੇ ਦੀ ਕੰਧ ਉੱਤੇ ਉਰਦੂ ਦੇ ਮਸ਼ਹੂਰ ਸ਼ਾਇਰ ਅਲਾਮਾ ਇਕਬਾਲ ਦੀ ਇਹ ਤੁਕ ਲਿਖੀ ਹੋਈ ਸੀ: ''ਨਹੀਂ ਤੇਰਾ ਨਸ਼ੇਮਾਂ ਕਸਰ-ਏ-ਸੁਲਤਾਨੀ ਕੇ ਗੁੰਬਦ ਪੇ, ਤੂੰ ਸ਼ਾਹੀਨ ਹੈ ਬਸੇਰਾ ਕਰ ਪੱਥਰੋਂ ਹੀ ਚੱਟਾਨੋ ਪਰ'' (ਤੇਰਾ ਟਿਕਾਣਾ ਸ਼ਾਹੀ ਮਹੱਲ ਦੇ ਗੁੰਬਦਾਂ 'ਤੇ ਨਹੀਂ ਏ; ਤੂੰ ਬਾਜ ਏ ਬਸੇਰਾ ਕਰ ਪੱਥਰਾਂ ਅਤੇ ਚੱਟਾਨਾਂ 'ਤੇ)।
         ਹਰ ਵੇਲੇ ਦੀ ਨਿਗਰਾਨੀ ਅਤੇ ਜ਼ਾਲਮਾਨਾ ਜ਼ਬਰ ਤੇ ਨਜ਼ਰਬੰਦੀ ਦੇ ਚੱਲਦਿਆਂ ਇੰਝ ਲੱਗਦਾ ਏ ਕਿ ਕਸ਼ਮੀਰੀ ਲਗਾਤਾਰ ਵਿਰਲਾਪ ਕਰ ਰਹੇ ਹੋਣ। ਸ਼੍ਰੀਨਗਰ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਕਈ ਪਰਿਵਾਰ ਬਿਨਾ ਕੁਝ ਬੋਲੇ ਆਪਣੇ ਬੱਚਿਆਂ ਦੇ ਚੁੱਕੇ ਜਾਣ ਦਾ ਵਿਰਲਾਪ ਕਰ ਰਹੇ ਹਨ। 19 ਸਾਲਾਂ ਦਾ ਮੁਦਾਸਿਰ ਮਜੀਦ, ਜਿਹੜਾ ਕਾਰੋਬਾਰੀ ਪ੍ਰਬੰਧ (ਬਿਜ਼ਨਸ ਐਡਮਿਨਿਸਟ੍ਰੇਸਨ) ਦੀ ਪੜ੍ਹਾਈ ਕਰ ਰਿਹਾ ਸੀ, 4 ਅਗਸਤ ਨੂੰ ਆਪਣੇ ਪਿਤਾ ਦੀ ਮਦਦ ਕਰਨ ਲਈ ਘਰ ਪਰਤਿਆ ਸੀ। ਉਸਦਾ ਪਿਤਾ ਭੇਡਾਂ ਦਾ ਵਪਾਰੀ ਹੈ। ਅਗਲੀ ਸਵੇਰ ਜਦੋਂ ਉਹ ਭੇਡਾਂ ਨੂੰ ਟਰੱਕ ਵਿੱਚੋਂ ਲਾਹੁਣ ਵਿੱਚ ਆਪਣੇ ਪਿਤਾ ਦੀ ਮਦਦ ਕਰ ਰਿਹਾ ਸੀ ਤਾਂ ਨੀਮ-ਫੌਜੀਆਂ ਨੇ ਉਹਨੂੰ ਧੂਹ ਕੇ ਗੱਡੀ ਵਿੱਚ ਸੁੱਟ ਲਿਆ। ਜਦੋਂ ਉਹਦਾ ਪਿਤਾ ਠਾਣੇ ਗਿਆ ਤਾਂ ਉਹਨੂੰ ਅੱਗਿਓਂ ਜਵਾਬ ਮਿਲਿਆ ਕਿ ਉਹਦੇ ਪੁੱਤਰ ਨੂੰ 'ਪਬਲਿਕ ਸੇਫਟੀ ਐਕਟ' ਤਹਿਤ ਨਜ਼ਰਬੰਦ ਕਰਕੇ ਉੱਤਰ-ਪ੍ਰਦੇਸ਼ ਦੀ ਇੱਕ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ''ਮੈਨੂੰ ਡਰ ਹੈ ਕਿ ਜਦੋਂ ਮੇਰਾ ਪੁੱਤਰ ਬਾਹਰ ਆਏਗਾ ਤਾਂ ਉਹ ਉਹਨੂੰ 'ਅੱਤਵਾਦੀ' ਗਰਦਾਨ ਦੇਣਗੇ'' ਮੁਦਾਸਿਰ ਦੇ ਪਿਤਾ ਨੇ ਮੇਰੇ ਕੋਲ ਆਪਣਾ ਖਦਸ਼ਾ ਜ਼ਾਹਰ ਕੀਤਾ।
          ਸ਼੍ਰੀਨਗਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੁਸਰਤ ਜਹਾਂ ਨੇ ਮੈਨੂੰ ਦੱਸਿਆ ਕਿ ਕਸ਼ਮੀਰੀ ਅਵਾਮ ਸਿਰੇ ਦੀ ਨਿਰਾਸ਼ਤਾ (ਡਿਪਰੈਸ਼ਨ) ਵਿੱਚੋਂ ਲੰਘ ਰਹੀ ਹੈ। ''ਮੈਂ ਖੁਰੇ ਵਿੱਚ ਜਾ ਕੇ ਰੋਨੀਂ ਆਂ ਜਦੋਂ ਕੈਂਸਰ ਦੇ ਮਰੀਜ਼ ਪੀੜ ਨਾਲ ਕੀਰਨੇ ਪਾਉਂਦੇ ਨੇ ਤੇ ਸਾਡੇ ਕੋਲ ਉਨ੍ਹਾਂ ਦਾ ਦਰਦ ਰੋਕਣ ਲਈ ਮੋਰਫੀਨ ਦੇ ਟੀਕੇ ਨਹੀਂ ਹੁੰਦੇ'' ਉਸ ਨੇ ਕਿਹਾ। ''ਮੈਂ ਦਸ ਸਾਲ ਦੇ ਬੱਚਿਆਂ ਦੇ ਜ਼ਖਮਾਂ ਵਿੱਚ ਸ਼ੱਰ੍ਹੇ ਕੱਢੇ ਨੇ, ਤੇ ਮੈਨੂੰ ਇਵੇਂ ਲੱਗਦਾ ਸੀ ਜਿਵੇਂ ਮੈਂ ਆਪਣੇ ਹੀ ਬੱਚੇ ਦੇ ਸਰੀਰ ਵਿੱਚੋਂ ਸ਼ੱਰ੍ਹੇ ਕੱਢ ਰਿਹਾ ਹੋਵਾਂ। ਮਨੋਰੋਗੀਆਂ ਦੇ ਵਾਰਡ ਵਿੱਚ ਜਾ ਕੇ ਪੁੱਛੋ, ਮਰੀਜ਼ ਅਜਿਹੇ ਨਸ਼ੇ ਦੀ ਮੰਗ ਰਹੇ ਨੇ, ਜਿਹੜਾ ਉਨ੍ਹਾਂ ਨੂੰ ਸੁੱਤਿਆਂ ਨੂੰ ਹੀ ਮਾਰ ਦੇਵੇ''।
          19 ਅਕਤੂਬਰ ਨੂੰ ਮੈਂ ਸ਼੍ਰੀਨਗਰ ਦੇ ਖਾਸਯਾਰ ਤੇ ਰੈਨਾਵਰੀ ਦੇ ਘਰਾਂ ਵਿੱਚ ਗਈ। ਇਹ ਇਲਾਕਾ ਵਿਰੋਧ ਵਿਖਾਵਿਆਂ ਲਈ ਜਾਣਿਆ ਜਾਂਦਾ ਸੀ, ਤੇ ਹਰੇਕ ਪਰਿਵਾਰ ਨੇ ਮੈਨੂੰ ਫੌਜ ਵਲੋਂ ਚੁੱਕੇ ਬੱਚਿਆਂ ਦੀ ਦਾਸਤਾਨ ਦੱਸੀ। ਰੈਨਾਵਰੀ ਵਿੱਚ ਦਵਾਈਆਂ ਦੇ ਦੁਕਾਨਦਾਰ (ਕੈਮਿਸਟ) ਮੁਬਾਸ਼ਿਰ ਪੀਰ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਨਾਇਟਡ ਨੇਸ਼ਨਜ਼ ਵਿੱਚ ਬੋਲਣ ਤੋਂ ਕੁਝ ਹਫਤੇ ਬਾਅਦ 18 ਅਕਤੂਬਰ ਦੀ ਰਾਤ ਨੂੰ 300 ਤੋਂ ਵੱਧ ਬੱਚੇ (ਨੀਮ-ਫੌਜਾਂ ਵਲੋਂ) ਚੁੱਕੇ ਲਏ ਗਏ।
          ''ਕੀ ਤੁਹਾਡੇ ਪ੍ਰਧਾਨ ਮੰਤਰੀ ਨੂੰ ਸਾਡੀ ਕੋਈ ਫਿਕਰ ਹੈ?'', ਉਹਨੇ ਪੁੱਛਿਆ। ''ਕਸ਼ਮੀਰੀਆਂ ਦਾ ਖੂਨ ਚੋਅ ਰਿਹੈ ਤੇ ਉਹ ਪਖਾਨੇ ਬਣਵਾਉਣ ਦੀਆਂ ਗੱਲਾਂ ਕਰ ਰਿਹਾ ਏ। ਕਸ਼ਮੀਰੀਆਂ ਨੇ ਇਮਰਾਨ ਖਾਨ (ਪਾਕਿਸਤਾਨੀ ਪ੍ਰਧਾਨ ਮੰਤਰੀ) ਦੀ ਤਕਰੀਰ ਨੂੰ ਸਲਾਹਿਆ ਏ ਕਿਉਂਕਿ ਘੱਟੋ-ਘੱਟ ਉਹਨੇ ਸਾਡੇ ਬਾਰੇ ਫਿਕਰਮੰਦੀ ਦਾ ਇਜ਼ਹਾਰ ਤਾਂ ਕੀਤਾ ਏ ਨਾ''।
           ਮੈਨੂੰ ਸਿਆਸੀ ਦਲ ਨੈਸ਼ਨਲ ਕਾਨਫਰੰਸ ਦੇ ਇੱਕ ਵੱਡੇ ਆਗੂ ਮੁਹੰਮਦ ਸ਼ਾਫੀ ਨਾਲ ਮੁਲਾਕਾਤ ਤੇ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ। ਇਸ ਦਲ ਦੇ ਆਗੂ 5 ਅਗਸਤ ਤੋਂ ਹੀ ਘਰਾਂ ਵਿੱਚ ਨਜ਼ਰਬੰਦ ਕੀਤੇ ਹੋਏ ਹਨ। ''ਜੇਕਰ ਕਿਸੇ ਦਿਨ ਕਸ਼ਮੀਰ ਵਿੱਚ ਜਮਹੂਰੀ ਅਮਲ ਦੀ ਵਾਪਸੀ ਹੋ ਵੀ ਜਾਂਦੀ ਹੈ ਤਾਂ ਸਾਡੀਆਂ ਪਾਰਟੀਆਂ ਕਸ਼ਮੀਰੀਆਂ ਨਾਲ ਕਿਸ ਚੀਜ ਦੇ ਵਾਅਦੇ ਕਰ ਸਕਣਗੀਆਂ?'', ਉਹਨੇ ਸਵਾਲ ਕੀਤਾ। ''ਨਵੀਂ ਦਿੱਲੀ ਵਾਲੇ ਭੇਡਾਂ-ਬੱਕਰੀਆਂ ਵਾਂਗ ਤਾੜੇ ਕਸ਼ਮੀਰੀਆਂ ਬਾਰੇ ਆਪੇ ਹੀ ਫੈਸਲੇ ਲੈਣਗੇ। ਉਨ੍ਹਾਂ ਹਾਲੀ ਕੱਲ੍ਹ ਹੀ 80 ਸਾਲਾਂ ਦੀ ਵਿਦਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੀ ਕਿ ਹੱਥਾਂ ਵਿੱਚ ਇੱਕ ਤਖਤੀ ਫੜ੍ਹ ਕੇ ਸਿਰਫ ਸੜਕ ਉੱਤੇ ਹੀ ਬੈਠੀ ਸੀ''।
           ਉਹ 18 ਅਕਾਦਮਿਕ ਤੇ ਕਾਰਕੁੰਨ ਬੀਬੀਆਂ ਦੀ ਗ੍ਰਿਫਤਾਰੀ ਬਾਰੇ ਗੱਲ ਕਰ ਰਿਹਾ ਸੀ, ਜਿਨ੍ਹਾਂ ਵਿੱਚ ਸਾਬਕਾ ਮੁੱਖ ਜੱਜ ਹਾਵਾ ਬਸ਼ੀਰ ਦੀ ਘਰਵਾਲੀ ਵੀ ਸ਼ਾਮਲ ਸੀ, ਜਿਹੜੀਆਂ ਕਿ ਸ਼੍ਰੀਨਗਰ ਵਿੱਚ ਸ਼ਹਿਰੀਆਂ ਦੇ ਹੱਕਾਂ ਦੀ ਬਹਾਲੀ ਲਈ ਸ਼ਾਂਤਮਈ ਤੇ ਬਿਨਾਂ ਨਾਅਰੇਬਾਜ਼ੀ ਤੋਂ ਵਿਖਾਵਾ ਕਰ ਰਹੀਆਂ ਸਨ। ਇਨ੍ਹਾਂ ਬੀਬੀਆਂ, ਜਿਨ੍ਹਾਂ ਵਿੱਚ ਇੱਕ 82 ਸਾਲਾਂ ਦੀ ਬਜ਼ੁਰਗ ਵੀ ਸ਼ਾਮਲ ਸੀ ਤੇ ਜਿਸ ਦਾ ਦਿਲ ਦਾ ਅਪਰੇਸ਼ਨ ਵੀ ਹੋਇਆ ਹੋਇਆ ਸੀ, ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਇੱਕ ਦਿਨ ਬਾਅਦ ਉਨ੍ਹਾਂ ਨੂੰ ਇਸ ਸ਼ਰਤ ਉੱਤੇ ਛੱਡਿਆ ਗਿਆ ਕਿ ਉਹ ਨਾ ਤਾਂ ਕਿਸੇ ਵੀ ਤਰ੍ਹਾਂ ਦਾ ਵਿਖਾਵਾ ਕਰਨਗੀਆਂ ਤੇ ਨਾ ਹੀ ਕਸ਼ਮੀਰ ਨੂੰ ਖਾਸ ਸਿਆਸੀ ਰੁਤਬਾ ਦੇਣ ਵਾਲੀ (ਭਾਰਤੀ) ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਬਾਰੇ ਕੋਈ ਗੱਲ ਕਰਨਗੀਆਂ।
          ਇਸ ਸਭ ਨੇ ਜੰਮੂ ਕਸ਼ਮੀਰ ਵਿੱਚ ਮੁੜ ਚੁੱਪ-ਚਾਂ ਵਰਤਾ ਦਿੱਤੀ ਹੈ। ਜਦੋਂ ਮੈਂ ਲੋਕਾਂ ਨੂੰ ਪੁੱਛਿਆ ਕਿ ਉਹ ਕੰਮਾਂ-ਕਾਰਾਂ 'ਤੇ ਕਿਉਂ ਨਹੀਂ ਜਾ ਰਹੇ ਤਾਂ ਉਨ੍ਹਾਂ ਕਿਹਾ ਕਿ ਉਹ ਡਰਦੇ ਹਨ। ਇੱਕ ਸਰਕਾਰੀ ਮੁਲਾਜ਼ਮ ਨੇ ਮੈਨੂੰ ਦੱਸਿਆ ਕਿ ਕਸ਼ਮੀਰੀ ਆਪਣੇ ਬੱਚਿਆ ਨੂੰ ਘਰਾਂ ਦੇ ਅੰਦਰ ਹੀ ਰੱਖ ਰਹੇ ਹਨ।
          ''ਸਾਨੂੰ ਡਰ ਹੈ ਕਿ ਉਹ ਸਾਰੇ ਨਿਆਣਿਆਂ ਨੂੰ ਚੁੱਕ ਲਿਜਾਣਗੇ'', ਉਹਨੇ ਕਿਹਾ। ''ਮੈਂ ਤੁਹਾਨੂੰ ਕਹਿਨਾਂ ਕਿ ਕਸ਼ਮੀਰੀ ਇਸੇ ਕਿਆਮਤ ਤੋਂ ਹੀ ਡਰਦੇ ਨੇ। ਇੱਥੇ ਸਾਡੇ ਸਾਰਿਆਂ 'ਤੇ ਮੁਰਦੇਹਾਣੀ ਛਾਈ ਹੋਈ ਏ''।
          174 ਸ਼ੱਰ੍ਹਿਆਂ ਨਾਲ ਜ਼ਖਮੀ ਹੋਇਆ ਉਸ ਦਾ 18 ਸਾਲਾਂ ਦਾ ਭਤੀਜਾ ਨਜ਼ੀਰ ਹਸਪਤਾਲ ਵਿੱਚ ਪਿਆ ਹੈ। ਇਨ੍ਹਾਂ ਸ਼ੱਰ੍ਹਿਆਂ ਵਿੱਚੋਂ 4 ਸ਼ੱਰ੍ਹੇ ਉਸ ਦੇ ਦਿਲ ਵਿੱਚ ਵੱਜੇ ਹੋਏ ਹਨ। ਉਸ ਦੀ ਜਿੰਦਗੀ ਦੀ ਤੰਦ ਇਸ ਵੇਲੇ ਮਸ਼ੀਨਾਂ ਦੇ ਸਹਾਰੇ ਹੀ ਜੁੜੀ ਹੋਈ ਹੈ।
          ਕਸ਼ਮੀਰੀ ਭਾਰਤੀ ਟੀ.ਵੀ. ਚੈਨਲਾਂ ਨੂੰ ਨਹੀਂ ਵੇਖਦੇ। ਕਸ਼ਮੀਰ ਦੇ ਹਾਲਾਤ ਨੂੰ 'ਆਮ ਵਰਗੇ' ਦੱਸਣ ਵਾਲੀਆਂ ਖਬਰਾਂ ਉਨ੍ਹਾਂ ਨੂੰ ਹੋਰ ਖਿਝਾ ਦਿੰਦੀਆਂ ਹਨ। ਮੈਂ ਵੇਖਿਆ ਕਿ ਇੰਡੀਆ ਟੂਡੇ ਉੱਤੇ ਇੱਕ ਪੱਤਰਕਾਰ ਕਸ਼ਮੀਰ ਵਿੱਚ ਅਮਨ-ਸ਼ਾਂਤੀ ਦੇ ਨਵੇਂ ਦੌਰ ਦਾ ਗੁਣਗਾਨ ਕਰ ਰਿਹਾ ਸੀ। ਕਸ਼ਮੀਰੀ ਰੇਡੀਓ ਉੱਤੇ ਸਿਰਫ ਗਾਣੇ ਹੀ ਆ ਰਹੇ ਹਨ ਤੇ ਰੇਡੀਓ ਤੋਂ ਮਿਲਣ ਵਾਲੀ ਹੋਰ ਜਾਣਕਾਰੀ 5 ਅਗਸਤ ਤੋਂ ਹੀ ਬੰਦ ਹੈ। ਅਖਬਾਰਾਂ ਵਿੱਚ ਸੰਪਾਦਕੀਆਂ ਨਹੀਂ ਛਪ ਰਹੀਆਂ ਅਤੇ ਸਿਰਫ ਸਰਕਾਰੀ ਪੱਖ ਤੇ ਸਰਕਾਰੀ ਖਬਰਾਂ ਹੀ ਛਪ ਰਹੀਆਂ ਹਨ।
          ਜਦੋਂ ਮੈਂ ਇਹ ਸਤਰਾਂ ਲਿਖ ਰਹੀ ਹਾਂ ਤਾਂ ਭਾਰਤ ਵਿੱਚ ਟਵਿਟਰ ਉੱਤੇ ਭਾਰਤ ਦੇ ਸਾਰੇ ਮੁਸਲਮਾਨਾਂ ਨੂੰ ਮੂੰਹ ਨਾ ਲਾਉਣ ਦਾ ਸੱਦਾ ਸਿਖਰਾਂ 'ਤੇ ਚੱਲ ਰਿਹਾ ਹੈ (ਬਾਈਕਾਟ-ਆਲ-ਇੰਡੀਅਨ-ਮੁਸਲਿਮਸ'' ਇਜ਼ ਟਰੈਂਡਿੰਗ)। ਜ਼ਿਆਦਾਤਰ ਟਵੀਟਾਂ ਨਰਿੰਦਰ ਮੋਦੀ ਤੇ ਉਸ ਦੇ ਮੰਤਰੀਆਂ ਦੇ ਪੈਰੋਕਾਰ (ਫੌਲੋਅਰ) ਫੈਲਾਅ ਰਹੇ ਹਨ। ਕਈ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਸੱਦਾ ਦੇ ਰਹੇ ਹਨ ਅਤੇ ਕਈ ਹੋਰ ਕਸ਼ਮੀਰੀਆਂ ਦਾ ਖੂਨ ਡੋਲ੍ਹਣ ਲਈ ਕਹਿ ਰਹੇ ਹਨ।
         ਮੈਨੂੰ ਡਾਕਟਰ ਨੁਸਰਤ ਜਹਾਂ ਦੇ ਲਫਜ਼ ਚੇਤੇ ਆ ਰਹੇ ਹਨ ਕਿ ਛੇਤੀ ਹੀ ਸਾਰੇ ਕਸ਼ਮੀਰੀ ਜਾਂ ਤਾਂ ਜੇਲ੍ਹ ਵਿੱਚ ਹੋਣਗੇ ਤੇ ਜਾਂ ਫਿਰ ਦਿਮਾਗੀ ਮਰੀਜ਼ਾਂ ਦੇ ਹਸਪਤਾਲ (ਪਾਗਲਖਾਨੇ) ਵਿੱਚ।
        ਦੁਨੀਆ ਤੇ ਭਾਰਤੀ ਉਪਮਹਾਂਦੀਪ ਦੇ ਕਈ ਲੋਕਾਂ ਦੀ ਬੇਰੁਖੀ ਦੇ ਚੱਲਦਿਆਂ ਇਸ ਖਿੱਤੇ ਵਿੱਚ ਅਜਿਹਾ ਡਰ, ਸਹਿਮ ਤੇ ਜ਼ਬਰ ਫੈਲ ਰਿਹਾ ਹੈ, ਜਿਹੜਾ ਕਿ ਇਸ ਨੇ ਪਿਛਲੇ ਦਹਾਕਿਆਂ ਵਿੱਚ ਵੀ ਨਹੀਂ ਸੀ ਵੇਖਿਆ।
         ਪਰ ਇਹ ਧਿਆਨ ਦੇਣ ਦਾ ਵੇਲਾ ਹੈ। ਮੰਗਲਵਾਰ ਨੂੰ ਅਮਰੀਕੀ ਕਾਂਗਰਸ ਦੱਖਣੀ ਏਸ਼ੀਆ ਵਿੱਚ ਮਨੁੱਖੀ ਹੱਕਾਂ ਦੇ ਵਿਸ਼ੇ ਉੱਤੇ ਸੁਣਵਾਈ ਵਿੱਚ ਹਿੱਸਾ ਲੈਣ ਵਾਲਿਆਂ ਨੇ ਭਾਰਤ ਸਰਕਾਰ ਦੀ ਕਸ਼ਮੀਰ ਵਿੱਚ ਕਾਰਵਾਈ ਉੱਤੇ ਉਂਗਲਾਂ ਚੁੱਕੀਆਂ ਹਨ। ਐਮਨੈਸਟੀ ਇੰਟਰਨੈਸ਼ਨਲ ਦੇ ਏਸ਼ੀਆ ਪੈਸੀਫਿਕ ਲਈ ਮੁਹਿੰਮ ਪ੍ਰਬੰਧਕ ਫਰੈਂਸਿਸਕੋ ਬੈਨਕੋਸਮ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਇਸ ਤੱਥ ਨੂੰ ਦਸਤਾਵੇਜ਼ਬੱਧ ਕੀਤਾ ਹੈ ਕਿ ਜੰਮੂ ਤੇ ਕਸ਼ਮੀਰ ਵਿੱਚ ਸਿਆਸਤਦਾਨਾਂ ਤੇ ਕਾਰਕੁੰਨਾਂ, ਜਿਨ੍ਹਾਂ ਬਾਰੇ ਇਹ ਖਦਸ਼ਾ ਸੀ ਕਿ ਇਹ 5 ਅਗਸਤ ਤੋਂ ਪਹਿਲਾਂ ਵੱਖਰੇ ਰਾਏ ਰੱਖਦੇ ਹੋ ਸਕਦੇ ਹਨ, ਨੂੰ ਵਿਓਂਤਬਧ ਤਰੀਕੇ ਨਾਲ ਹਿਰਾਸਤ ਵਿੱਚ ਸੁੱਟਿਆ ਜਾ ਰਿਹਾ ਹੈ।
          ਸਾਨੂੰ ਹੋਰ ਵੱਧ ਬੋਲਣਾ ਚਾਹੀਦਾ ਹੈ ਤਾਂ ਕਿ ਸੰਸਾਰ ਕਸ਼ਮੀਰ ਵਿਚਲੇ ਬੋਲ਼ੇ ਕਰ ਦੇਣ ਵਾਲੇ ਸੰਨਾਟੇ ਨੂੰ ਸੁਣ ਸਕੇ। ਇਹ ਰਣਨੀਕਤ ਸਬੰਧਾਂ ਬਾਰੇ ਸੋਚਣ ਦਾ ਵੇਲਾ ਨਹੀਂ ਹੈ। ਕਸ਼ਮੀਰ ਤੇ ਉਸ ਦੇ ਬੱਚੇ ਨਿਆਂ ਦੀ ਉਡੀਕ ਕਰ ਰਹੇ ਹਨ।

© 2011 | All rights reserved | Terms & Conditions