ਓਸ਼ਨੀਆ ਵਿਚਲੇ, ਬੋਗਨਵਿਲੀਆ ਨਾਂ ਦੇ ਛੋਟੇ ਜਿਹੇ ਖਿੱਤੇ ਨੇ ਰਿਫੈਰੈਂਡਮ ਰਾਹੀਂ ਪਪੂਆ ਨਿਊ ਗਿਨੀ ਤੋਂ ਕੀਤੀ ਅਜ਼ਾਦੀ ਹਾਸਿਲ ! : Dr. Amarjit Singh washington D.C
Submitted by Administrator
Friday, 13 December, 2019- 02:16 pm
ਓਸ਼ਨੀਆ ਵਿਚਲੇ, ਬੋਗਨਵਿਲੀਆ ਨਾਂ ਦੇ ਛੋਟੇ ਜਿਹੇ ਖਿੱਤੇ ਨੇ ਰਿਫੈਰੈਂਡਮ ਰਾਹੀਂ ਪਪੂਆ ਨਿਊ ਗਿਨੀ ਤੋਂ ਕੀਤੀ ਅਜ਼ਾਦੀ ਹਾਸਿਲ !  :  Dr. Amarjit Singh washington D.C

ਗੁਰਦੁਆਰਾ ਗਿਆਨ ਗੋਦੜੀ ਹਰਦਵਾਰ ਦਾ ਵਜੂਦ ਮਿਟਾਉਣ ਤੋਂ ਬਾਅਦ, ਜਗਨਨਾਥ ਪੁਰੀ ਵਿੱਚ, ਗੁਰੂ ਨਾਨਕ ਸਾਹਿਬ ਦੀ ਯਾਦ ਨਾਲ ਜੁੜਿਆ ਮੰਗੂ ਮੱਟ ਵੀ ਢਾਹ ਦਿੱਤਾ ਗਿਆ!
ਕੈਪਟਨ ਅਮਰਿੰਦਰ ਨੇ ਬੁੱਚੜ ਕੇ. ਪੀ. ਗਿੱਲ ਨੂੰ ਦੱਸਿਆ ਸ਼ਾਂਤੀ ਸਥਾਪਤ ਕਰਨ ਵਾਲਾ 'ਸੁਪਰ ਕਾਪ'!
ਕੀ ਅਜੀਤ ਡੋਵਲ ਦੀਆਂ ਹਦਾਇਤਾਂ 'ਤੇ ਪੰਜਾਬ ਵਿੱਚ ਬੁੱਚੜ ਗਿੱਲ ਸਟਾਈਲ ਇੱਕ ਹੋਰ ਸਿੱਖ ਨਸਲਕੁਸ਼ੀ ਦੀ ਬੰਨ੍ਹੀ ਜਾ ਰਹੀ ਹੈ ਭੂਮਿਕਾ?
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਖਲੋਤਾ ਸਮੁੱਚਾ ਉੱਤਰ-ਪੂਰਬੀ ਭਾਰਤ, ਦੱਸ ਰਿਹਾ ਹੈ ਕਿ ਬੀ. ਜੇ. ਪੀ. ਦਾ ਹਿੰਦੂਤਵੀ ਏਜੰਡਾ ਤਾਰ-ਤਾਰ ਹੋ ਰਿਹਾ ਹੈ!


         ਵਾਸ਼ਿੰਗਟਨ (ਡੀ. ਸੀ.) 14 ਦਸੰਬਰ, 2019- ਇੱਕ ਪਾਸੇ ਜਿੱਥੇ ਪਾਕਿਸਤਾਨ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਤੋਹਫਾ ਸਿੱਖ ਕੌਮ ਨੂੰ ਦਿੱਤਾ ਹੈ, ਉਥੇ ਭਾਰਤ ਵਿੱਚ ਬੜੇ ਵਿਓਂਤਬੱਧ ਢੰਗ ਨਾਲ ਸਿੱਖ ਇਤਿਹਾਸਕਤਾ ਦਾ ਮਲੀਆਮੇਟ ਕੀਤਾ ਜਾ ਰਿਹਾ ਹੈ। 1984 ਤੋਂ ਫੌਰਨ ਬਾਅਦ, ਹਰਿਦੁਆਰ ਵਿੱਚ ਗੰਗਾ ਦੇ ਕੰਢੇ ਬਣਿਆ ਇਤਿਹਾਸਕ ਗੁਰਦੁਆਰਾ 'ਗਿਆਨ ਗੋਦੜੀ' ਢਾਹ ਕੇ ਉਥੇ ਸਕਾਊਟਸ ਦਾ ਦਫ਼ਤਰ ਬਣਾ ਦਿੱਤਾ ਗਿਆ ਸੀ। ਯਾਦ ਰਹੇ, ਇਸ ਥਾਂ 'ਤੇ ਗੁਰੂ ਨਾਨਕ ਸਾਹਿਬ ਨੇ ਪਾਂਡਿਆਂ ਦੇ ਸੂਰਜ ਗ੍ਰਹਿਣ ਨਾਲ ਜੁੜੇ ਕਰਮਕਾਂਡ ਨੂੰ ਚੁਣੌਤੀ ਦਿੱਤੀ ਸੀ। ਲਗਭਗ 35 ਸਾਲ ਬਾਅਦ, ਹੁਣ ਹਿੰਦੂ ਤੀਰਥ ਜਗਨਨਾਥ ਪੁਰੀ (ਉੜੀਸਾ) ਵਿਖੇ ਮੌਜੂਦ ਇੱਕ ਹੋਰ ਇਤਿਹਾਸਕ ਇਮਾਰਤ ਨੂੰ 'ਨਵੀਨਤਾ ਤੇ ਸੁੰਦਰੀਕਰਣ' ਦੇ ਨਾਂ 'ਤੇ ਢਾਹ ਦਿੱਤਾ ਗਿਆ ਹੈ। 12ਵੀਂ ਸਦੀ ਵਿੱਚ ਬਣੇ ਮੰਦਰ ਜਗਨਨਾਥ ਪੁਰੀ ਦੇ ਮੁੱਖ ਦਵਾਰ ਦੇ ਬਿਲਕੁਲ ਨਜ਼ਦੀਕ ਬਣੇ 'ਮੰਗੂ ਮੱਟ' ਦਾ ਸਬੰਧ ਗੁਰੂ ਨਾਨਕ ਸਾਹਿਬ ਜੀ ਦੀ ਇਤਿਹਾਸਕ ਫੇਰੀ ਨਾਲ ਹੈ। ਇਸ ਮੁੁਕਾਮ 'ਤੇ ਗੁਰੂ ਸਾਹਿਬ ਨੇ ਪੰਡਿਤਾਂ ਦੇ 'ਆਰਤੀ' ਦੇ ਕਰਮ ਕਾਂਡ ਨੂੰ ਨਕਾਰਦਿਆਂ ਰੱਬ ਦੀ ਹੋ ਰਹੀ ਸੱਚੀ ਆਰਤੀ ਨੂੰ ਵਡਿਆਇਆ ਸੀ। 'ਗਗਨ ਮੈ ਥਾਲ ਰਵਿ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ...।' ਵਾਲਾ ਸ਼ਬਦ ਇਸ ਥਾਂ 'ਤੇ ਹੀ ਉਚਾਰਿਆ ਗਿਆ ਸੀ।
ਇਸ ਮੱਟ ਦੀ ਉਸਾਰੀ 1615 ਈਸਵੀਂ ਵਿੱਚ ਭਾਈ ਅਲਮਸਤ ਨਾਂ ਦੇ ਉਦਾਸੀ ਪ੍ਰਚਾਰਕ ਵਲੋਂ ਕੀਤੀ ਗਈ ਸੀ। ਯਾਦ ਰਹੇ ਭਾਈ ਅਲਸਮਤ ਜੀ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰਿ ਰਾਏ ਸਾਹਿਬ ਦੇ ਵੇਲੇ ਪੂਰਬ ਵਿੱਚ ਸਿੱਖੀ ਪ੍ਰਚਾਰ ਲਈ ਭੇਜੇ ਗਏ ਸਨ। ਇਸ ਵਰ੍ਹੇ ਦੇ ਸਤੰਬਰ ਮਹੀਨੇ ਵਿੱਚ ਇਹ ਖਬਰ ਆਈ ਸੀ ਕਿ ਮੰਦਰ ਦੇ 'ਨਵੀਨੀਕਰਣ' ਦੇ ਨਾਂ ਹੇਠ ਹੋਰ ਇਮਾਰਤਾਂ ਸਮੇਤ ਇਸ ਮੱਟ ਨੂੰ ਵੀ ਢਾਹਿਆ ਜਾ ਰਿਹਾ ਹੈ। ਉਸ ਸਮੇਂ ਅਕਾਲੀ ਲੀਡਰਾਂ ਅਤੇ ਕੈਪਟਨ ਅਮਰਿੰਦਰ ਨੇ ਭਰੋਸਾ ਦਿੱਤਾ ਸੀ ਕਿ ਇਉਂ ਨਹੀਂ ਕੀਤਾ ਜਾਵੇਗਾ। ਸੁਪਰੀਮ ਕੋਰਟ ਵਿੱਚ ਵੀ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ।
          ਯਾਦ ਰਹੇ ਜਗਨਨਾਥ ਪੁਰੀ, ਉੜੀਸਾ ਵਿੱਚ ਹੈ ਜਿੱਥੇ ਕਿ ਬੀ. ਜੇ. ਪੀ. ਦੀ ਸਹਿਯੋਗੀ ਖੇਤਰੀ ਪਾਰਟੀ ਬੀਜੂ ਜਨਤਾ ਦਲ ਦਾ ਸਰਕਾਰ ਹੈ, ਜਿਸ ਦਾ ਮੁੱਖ ਮੰਤਰੀ ਨਵੀਨ ਪਟਨਾਇਕ ਹੈ। ਛੇਕੜਲੀਆਂ ਮੀਡੀਆ ਖਬਰਾਂ ਅਨੁਸਾਰ ਇਸ ਮੰਗੂ ਮੱਟ ਨੂੰ ਢਾਹ ਦਿੱਤਾ ਗਿਆ ਹੈ ਅਤੇ ਇਸ ਦੀ ਥਾਂ 'ਤੇ ਕਿਤੇ ਹੋਰ ਜ਼ਮੀਨ ਦੇਣ ਦਾ ਭਰੋਸਾ ਵੀ ਨਹੀਂ ਦਿੱਤਾ ਗਿਆ। ਇਸ ਬੀਜੂ ਜਨਤਾ ਦਲ ਨੇ ਅਕਾਲੀਆਂ ਨਾਲ ਰਲ਼ ਕੇ ਨਾਗਰਿਕ ਸੰਸ਼ੋਧਨ ਬਿੱਲ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ, ਜਿਸ ਬਿੱਲ ਵਿਚੋਂ ਮੁਸਲਮਾਨ ਸ਼ਰਨਾਰਥੀਆਂ ਨੂੰ ਬਾਹਰ ਰੱਖਿਆ ਗਿਆ ਹੈ। ਕੀ ਬੇ-ਗੈਰਤ ਅਕਾਲੀ, ਆਪਣੀ ਸਹਿਯੋਗੀ ਪਾਰਟੀ ਤੋਂ ਮੰਗੂ ਮੱਟ ਦੀ ਭਿੱਖਿਆ ਨਹੀਂ ਸਨ ਮੰਗ ਸਕਦੇ? ਸੱਚਾਈ ਇਹ ਹੈ ਕਿ ਬੀ. ਜੇ. ਪੀ. ਦਾ ਹਿੰਦੂਤਵੀ ਏਜੰਡਾ, ਜਿਸ ਵਿੱਚ ਘੱਟਗਿਣਤੀਆਂ ਦਾ ਘਾਣ 'ਤੇ ਇਤਿਹਾਸਕਤਾ ਦੀ ਤਬਾਹੀ ਸ਼ਾਮਲ ਹੈ, ਉਸ ਨੂੰ ਲਾਗੂ ਕਰਨ ਵਿੱਚ ਇਹ ਹਿੰਦੂਤਵੀ ਕੁਹਾੜੀ ਦਾ ਦਸਤਾ ਬਣੇ ਹੋਏ ਹਨ। ਹਿੰਦੂਤਵੀ ਤਾਂ ਆਪਣੇ ਤੀਰਥਾਂ ਤੋਂ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਬਾਹਰ ਸੁੱਟ ਰਹੇ ਹਨ ਪਰ ਕੁਰਬਾਨ ਜਾਈਏ ਇਨ੍ਹਾਂ ਭੇਖੀ ਸਿੱਖਾਂ ਦੇ, ਜਿਹੜੇ ਬ੍ਰਾਹਮਣਵਾਦੀ ਸੋਚ 'ਤੇ ਡੱਟ ਕੇ ਪਹਿਰਾ ਦੇ ਰਹੇ ਹਨ।
           ਪਿਛਲੇ ਦਿਨੀਂ ਮੋਹਾਲੀ ਵਿੱਚ ਬੁੱਚੜ ਕੇ. ਪੀ. ਗਿੱਲ ਦੀ ਯਾਦ ਵਿੱਚ 'ਮੈਮੋਰੀਅਲ ਲੈਕਚਰ' ਕਰਵਾਇਆ ਗਿਆ। ਇਸ ਦਾ ਵਿਸ਼ਾ ਸੀ - 'ਡਿਜ਼ੀਟਾਈਜਡ ਨਫਰਤ - ਆਨਲਾਈਨ ਦਹਿਸ਼ਤਗਰਦੀ, ਹਿੰਸਕ ਅੱਤਵਾਦ ਅਤੇ ਸਿਧਾਂਤਕ ਉਗਰਵਾਦ।' ਇਸ ਵਿੱਚ ਮੁੱਖ ਬੁਲਾਰੇ ਵਜੋਂ ਪੀਟਰ ਚਾਕ ਨਾਂ ਦੇ ਕਿਸੇ 'ਕਿਰਾਏ ਦੇ ਗੋਰੇ' ਨੂੰ ਅਮਰੀਕਾ ਤੋਂ ਲਿਆਂਦਾ ਗਿਆ। ਕੈਪਟਨ ਅਮਰਿਦਰ ਇਸ ਵਿੱਚ ਮੁੱਖ ਮਹਿਮਾਨ ਸੀ। ਇਸ ਸਮਾਗਮ ਦਾ ਵਿਰੋਧ ਕਰਨ ਜਾ ਰਹੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਹੁਤ ਸਾਰੇ ਆਗੂਆਂ-ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਵਿੱਚ ਸ. ਈਮਾਨ ਸਿੰਘ ਮਾਨ ਵੀ ਸ਼ਾਮਲ ਸਨ। ਭਾੜੇ ਦੇ ਗੋਰੇ ਬੁਲਾਰੇ ਨੇ ਕਿਹਾ, 'ਪਾਕਿਸਤਾਨ ਦੀ ਆਈ. ਐਸ. ਆਈ. ਕਸ਼ਮੀਰ ਵਿੱਚ ਬੇਚੈਨੀ ਕਰਨ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਪੰਜਾਬ ਵਿੱਚ ਵੀ ਪਸਾਰ ਰਹੀ ਹੈ। ਸੋਸ਼ਲ ਮੀਡੀਏ 'ਤੇ ਇੱਕ ਜ਼ੋਰਦਾਰ ਮੁਹਿੰਮ ਵਿੱਢੀ ਗਈ ਹੈ। ਪਾਕਿਸਤਾਨ ਵਿੱਚ ਬੈਠੇ ਖਾੜਕੂ ਅਤੇ ਯੂ. ਐਸ., ਕੈਨੇਡਾ ਤੇ ਯੂ. ਕੇ. ਵਿਚਲੇ ਸਿਧਾਂਤਕ ਅੱਤਵਾਦੀਆਂ ਵਲੋਂ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅੱਤਵਾਦ ਵੱਲ ਧੱਕਿਆ ਜਾ ਰਿਹਾ ਹੈ। ਸਰਕਾਰ ਨੂੰ ਉਪਰੋਕਤ ਦੇਸ਼ਾਂ 'ਤੇ ਦਬਾਅ ਬਣਾ ਕੇ ਇਹੋ ਜਿਹੀਆਂ ਗਤੀਵਿਧੀਆਂ ਨੂੰ ਰੋਕਣਾ ਚਾਹੀਦਾ ਹੈ। ਡਰੋਨ ਵਗੈਰਾ ਦੀ ਰਜਿਸਟਰੇਸ਼ਨ ਹੋਣੀ ਚਾਹੀਦੀ ਹੈ।'
           ਕੈਪਟਨ ਅਮਰਿੰਦਰ ਨੇ ਵੀ ਇੰਟਰਨੈਟ ਤੇ ਸੋਸ਼ਲ ਮੀਡੀਏ 'ਤੇ ਆਪਣੀ ਭੜਾਸ ਕੱਢੀ ਅਤੇ ਇਹਨੂੰ ਨਫਰਤ ਤੇ ਦਹਿਸ਼ਤ ਫੈਲਾਉਣ ਵਾਲਾ ਦੱਸਿਆ। ਉਸ ਨੇ ਬੁੱਚੜ ਕੇ. ਪੀ. ਗਿੱਲ ਨੂੰ 'ਸੁਪਰ ਕਾਪ' ਦੱਸਦਿਆਂ ਪੰਜਾਬ ਵਿੱਚ ਸ਼ਾਂਤੀ ਸਥਾਪਤ ਕਰਨ ਵਾਲਾ ਮਸੀਹਾ ਦੱਸਿਆ। ਕੈਪਟਨ ਅਨੁਸਾਰ, 'ਉਹ ਖੌਫਨਾਕ ਦਿਨ ਸਨ ਪਰ ਹੁਣ ਫੇਰ ਇਹੋ ਜਿਹਾ ਮਾਹੌਲ ਬਣ ਰਿਹਾ ਹੈ।' ਜ਼ਾਹਰ ਹੈ ਕਿ ਅਜੀਤ ਡੋਵਲ ਦਾ ਯਾਰ ਇੱਕ ਬਦਕਾਰ ਬੰਦਾ, ਬੇਅੰਤਾ-ਕੇ. ਪੀ. ਗਿੱਲ ਦੀ ਤਰਜ਼ 'ਤੇ ਪੰਜਾਬ ਵਿੱਚ ਇੱਕ ਹੋਰ ਸਿੱਖ ਨਸਲਕੁਸ਼ੀ ਦੀ ਭੂਮਿਕਾ ਤਿਆਰ ਕਰ ਰਿਹਾ ਹੈ। ਕੀ ਸਿੱਖ ਕੌਮ ਨੂੰ ਇਨ੍ਹਾਂ ਨੀਤੀਆਂ ਦੀ ਸਮਝ ਆ ਰਹੀ ਹੈ?
          ਅੱਜ ਵੀ ਸਿੱਖਾਂ ਦਾ ਇੱਕ ਤਬਕਾ ਖਾਲਿਸਤਾਨ ਲਫਜ਼ ਤੋਂ ਖੌਫਜ਼ਦਾ ਹੈ ਅਤੇ ਇੱਕ ਵੱਡੇ ਤਬਕੇ ਨੂੰ ਲਗਦਾ ਹੈ ਕਿ ਖਾਲਿਸਤਾਨ ਬਣਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਪੜ੍ਹਨ-ਲਿਖਣ ਦੇ ਸ਼ੌਂਕ ਤੋਂ ਸੱਖਣੇ ਇਨ੍ਹਾਂ ਅਕਲ ਦੇ ਅੰਨ੍ਹਿਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਨਵੇਂ ਮੁਲਕ ਲਗਾਤਾਰਤਾ ਨਾਲ ਬਣ ਰਹੇ ਹਨ। 1950 ਵਿੱਚ ਯੂਨਾਈਟਿਡ ਨੇਸ਼ਨਜ਼ ਦੀ ਸਥਾਪਨਾ ਵੇਲੇ ਸਿਰਫ 50 ਦੇਸ਼ ਸਨ, ਹੁਣ 193 ਦੇਸ਼ ਯੂ. ਐਨ. ਦੇ ਮੈਂਬਰ ਹਨ। ਹੁਣ ਬਹੁਤ ਜਲਦੀ ਇੱਕ ਨਵਾਂ ਦੇਸ਼ ਹੋਂਦ ਵਿੱਚ ਆ ਰਿਹਾ ਹੈ- 'ਬੋਗਨਵਿਲੇ'!
         ਸੰਸਾਰ ਦੇ 'ਔਸ਼ਨੀਆ ਖਿੱਤੇ' ਵਿੱਚ ਸਥਿਤ ਦੀਪਾਂ ਦੇ ਦੇਸ਼ ਪਾਪੁਆ ਨਿਊ ਗਿਨੀ ਦਾ ਹੁਣ ਤੱਕ ਹਿੱਸਾ ਰਹੇ ਬੋਗਨਵਿਲੇ ਵਿੱਚ ਹੋਏ ਰੈਫਰੈਂਡਮ ਵਿੱਚ 98 ਫੀਸਦੀ ਲੋਕਾਂ ਨੇ ਪਾਪੁਆ ਨਿਊ ਗਿਨੀ ਤੋਂ ਅੱਡ ਹੋਣ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ। ਇਸ ਦੇਸ਼ ਦੀ ਕੁੱਲ ਅਬਾਦੀ ਤਿੰਨ ਲੱਖ ਦੇ ਕਰੀਬ ਹੈ ਅਤੇ ਇੱਥੇ ਲੰਬੇ ਵਕਤ ਤੱਕ ਆਜ਼ਾਦੀ ਲਈ ਸੰਘਰਸ਼ ਚਲਦਾ ਰਿਹਾ, ਜਿਸ ਵਿੱਚ 20 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ। 2011 ਵਿੱਚ ਹੋਏ ਇੱਕ ਸਮਝੌਤੇ ਤਹਿਤ ਪਿਛਲੇ ਦਿਨੀਂ ਇੱਥੇ ਰੈਫਰੈਂਡਮ ਕਰਵਾਇਆ ਗਿਆ। ਇਸ ਰੈਫਰੈਂਡਮ ਦੇ ਨਤੀਜੇ ਨੂੰ ਪਾਪੁਆ ਨਿਊ ਗਿਨੀ ਦੀ ਪਾਰਲੀਮੈਂਟ ਵਲੋਂ ਮਾਨਤਾ ਦਿੱਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਇਹ ਇੱਕ ਅੱਡ ਦੇਸ਼ ਬਣ ਜਾਵੇਗਾ। ਵੇਖਣ ਵਾਲੀ ਗੱਲ ਇਹ ਹੈ ਕਿ ਜੇ 3 ਲੱਖ ਦੀ ਅਬਾਦੀ ਵਾਲਾ 'ਬੋਗਨਵਿਲੇ' ਇੱਕ ਅੱਡ ਦੇਸ਼ ਬਣ ਸਕਦਾ ਹੈ ਤਾਂ 30 ਮਿਲੀਅਨ ਸਿੱਖ ਨੇਸ਼ਨ ਆਪਣੀ ਧਰਤੀ 'ਤੇ ਖਾਲਿਸਤਾਨ ਕਿਉਂ ਨਹੀਂ ਸਿਰਜ ਸਕਦੀ?
         ਜਾਪਦਾ ਹੈ ਭਾਰਤੀ ਲੋਕ ਸਭਾ ਤੇ ਰਾਜ ਸਭਾ ਵਲੋਂ ਪਾਸ ਕੀਤਾ ਗਿਆ 'ਨਾਗਰਿਗਤਾ ਸੋਧ ਬਿੱਲ' ਬੀਜੇਪੀ ਲਈ ਗਲ ਵਿੱਚ ਪਿਆ 'ਜਿਊਂਦਾ ਸੱਪ' ਬਣ ਗਿਆ ਹੈ। ਅਸਾਮ ਤੋਂ ਲੈ ਕੇ ਤ੍ਰਿਪੁਰਾ ਤੱਕ ਸਾਰਾ ਉੱਤਰ-ਪੂਰਬ ਇਸ ਦੇ ਵਿਰੋਧ ਵਿੱਚ ਉੱਠ ਖੜ੍ਹਾ ਹੋਇਆ ਹੈ। ਕਰਫਿਊ, ਫੌਜ, ਮੌਤਾਂ, ਇੰਟਰਨੈਟ ਪਾਬੰਦੀ ਦੀਆਂ ਖਬਰਾਂ ਲਗਾਤਾਰਤਾ ਨਾਲ ਆ ਰਹੀਆਂ ਹਨ। ਇਹ ਵਿਰੋਧ ਕੋਈ ਮੁਸਲਮਾਨਾਂ ਨੂੰ ਬਿੱਲ ਤੋਂ ਬਾਹਰ ਰੱਖਣ ਦੇ ਵਿਰੋਧ ਵਿੱਚ ਨਹੀਂ ਹੋ ਰਿਹਾ ਬਲਕਿ 'ਹਿੰਦੂਆਂ' ਦੇ ਨਾਂ ਹੇਠ ਇਸ ਬਿੱਲ ਦੇ ਤਹਿਤ ਭਾਰਤੀ ਸ਼ਹਿਰੀਅਤ ਹਾਸਲ ਕਰਨ ਵਾਲਿਆਂ ਦੇ ਖਿਲਾਫ ਹੋ ਰਿਹਾ ਹੈ। ਉੱਤਰ-ਪੂਰਬ ਦੇ ਲੋਕ ਸਮਝਦੇ ਹਨ ਕਿ ਇਹ ਬੰਗਾਲੀ ਹਿੰਦੂ, ਸਾਡੇ ਖਿੱਤੇ ਵਿੱਚ ਸਾਨੂੰ 'ਘੱਟਗਿਣਤੀ' ਬਣਾ ਦੇਣਗੇ ਅਤੇ ਇਸ ਤਰ੍ਹਾਂ ਸਾਡੀ ਬੋਲੀ, ਸੱਭਿਅਤਾ, ਵਿਰਸੇ ਲਈ ਇਹ ਵੱਡਾ ਖਤਰਾ ਬਣ ਜਾਣਗੇ। ਜ਼ਾਹਰ ਹੈ ਕਿ ਇਸ ਵਿਰੋਧ ਨੇ ਆਰ. ਐਸ. ਐਸ. ਦੀ 'ਹਿੰਦੂਤਵ' ਦੀ ਵਿਚਾਰਧਾਰਾ ਦੇ ਪੜਛੇ ਉਡਾ ਦਿੱਤੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਰਤ ਕੋਈ 'ਇੱਕ ਧਰਮ, ਇੱਕ ਸੱਭਿਆਚਾਰ' ਨੂੰ ਮੰਨਣ ਵਾਲਿਆਂ ਦਾ ਦੇਸ਼ ਨਹੀਂ ਹੈ ਬਲਕਿ ਇੱਥੇ ਬਹੁਕੌਮੀ ਸੱਭਿਆਚਾਰ ਹੈ। 'ਹਿੰਦੂ, ਹਿੰਦੀ ਸਿਰਫ ਗੰਗਾ-ਜਮਨਾ ਦੀ ਤਹਿਜ਼ੀਬ ਦਾ ਹਿੱਸਾ ਹੈ, ਇਸ ਤੋਂ ਵਧ ਕੇ ਕੁਝ ਨਹੀਂ ਹੈ। ਜਾਪਦਾ ਹੈ ਹਿੰਦੂਤਵੀਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।

© 2011 | All rights reserved | Terms & Conditions