ਅੰਦੋਲਨ ਵਿੱਚ ਕੁੱਦਿਆ 'ਸੈਕੂਲਰ' ਲਾਣਾ ਕੰਨ ਖੋਲ੍ਹ ਸੁਣੇ : ਐੱਸ ਪੀ ਸਿੰਘ
Submitted by Administrator
Friday, 10 January, 2020- 06:10 pm

         ਬੜੀ ਸੂਖ਼ਮ ਕਿਸਮ ਦੀ 'ਸੈਕੂਲਰ' ਸਮਝ ਰੱਖਣ ਵਾਲੇ, 'ਬੇਖ਼ੌਫ਼ ਆਜ਼ਾਦੀ' ਦੀ ਭਾਲ ਵਿੱਚ ਗਲੀ ਬਾਜ਼ਾਰ ਵਿੱਚ ਨਿਕਲੇ, ਸਾਡੇ 'ਭਾਰਤੀ ਗਣਰਾਜ' ਦੇ 'ਪਵਿੱਤਰ ਸੰਵਿਧਾਨ' ਦੀ ਰੱਖਿਆ ਲਈ ਤਤਪਰ 'ਹਮ ਭਾਰਤ ਕੇ ਲੋਗ' ਵਾਲੇ ਬਿਆਨੀਏ ਦੇ ਅਲੰਬਰਦਾਰ ਹੀ ਇਹ ਮੱਲ ਮਾਰ ਸਕਦੇ ਸਨ ਕਿ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਭਖਿਆ ਅੰਦੋਲਨ ਵੀ ਕਸ਼ਮੀਰੀ ਮੁਸਲਮਾਨ ਦੀ ਉਸ ਲੜਾਈ ਨਾਲ ਨਾ ਜੁੜ ਸਕੇ ਜਿਹੜੀ ਉਹ 370 ਨੂੰ ਤੋੜ ਕੇ ਪਾਏ ਸ਼ਿਕੰਜਾ-ਨੁਮਾ ਹਕੂਮਤੀ ਜੱਫੇ ਖ਼ਿਲਾਫ਼ ਸਾਹ-ਘੁੱਟ ਦੜ੍ਹ-ਵੱਟ ਲੜ ਰਿਹਾ ਹੈ।
          ਨਵੇਂ ਸਾਲ ਦੀ ਆਮਦ 'ਤੇ ਇਸ ਅੰਦੋਲਨ ਵਿੱਚ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਉਮੜੀ ਖਲਕਤ ਨਾਲ ਜਿਹੜਾ ਸੰਵਾਦ ਰਚਾਇਆ ਜਾ ਰਿਹਾ ਸੀ, ਉਸ ਵਿੱਚ ਸੰਵਿਧਾਨ ਵਿਚਲੇ ਮੌਲਿਕ ਅਧਿਕਾਰਾਂ ਦਾ ਉਲੰਘਣ, ਧਰਮ ਨਿਰਪੱਖਤਾ ਉੱਤੇ ਹਮਲੇ ਅਤੇ ਨਾਗਰਿਕਤਾ ਦੇ ਸਵਾਲਾਂ ਦਾ ਜ਼ਿਕਰ ਤਾਂ ਸੀ, ਪਰ ਇਹ ਹਵਾਲਾ ਨਾਦਾਰਦ ਸੀ ਕਿ ਇਹ 'ਹੈਪੀ ਨਿਊ ਯੀਅਰ' ਵਾਲਾ ਯਕਮ ਜਨਵਰੀ ਦਾ ਦਿਨ ਕਸ਼ਮੀਰ ਦੀ ਹਕੂਮਤ ਦੇ ਕਹਿਣ ਵਾਂਗ 'ਸਭ ਕੁਝ ਆਮ ਵਰਗਾ' ਹੋਣ ਦਾ 150ਵਾਂ ਦਿਨ ਸੀ।
           ਸਾਡੇ ਉਦਾਰਵਾਦੀ, ਰਾਜਨੀਤੀ ਦੇ ਖੱਬੇ ਪਾਸੇ ਚੱਲਣ ਵਾਲੇ ਬੁੱਧੀਜੀਵੀ ਤਾਂ ਗ਼ਰੀਬਾਂ ਮਜ਼ਲੂਮਾਂ ਉੱਤੇ ਹੋ ਰਹੇ ਅੱਤਿਆਚਾਰਾਂ ਲਈ ਦਿਨ-ਰਾਤ ਹੀ ਚਿੰਤਾ ਵਿੱਚ ਰਹਿੰਦੇ ਹਨ, ਇਸ ਲਈ '2020- ਕਸ਼ਮੀਰ 150' ਵਾਲਾ ਮੀਲਪੱਥਰ ਉਨ੍ਹਾਂ ਦੀ ਧਰਮ-ਨਿਰਪੱਖ ਲੜਾਈ ਵਿੱਚ ਟਵੀਟ-ਯੋਗ ਵੀ ਨਹੀਂ ਜਾਪਦਾ।
          ਜਗ੍ਹਾ-ਜਗ੍ਹਾ ਹੋ ਰਹੇ ਪ੍ਰਦਰਸ਼ਨਾਂ ਤੋਂ ਲਗਾਤਾਰ ਇਹ ਖ਼ਬਰਾਂ, ਕਨਸੋਆਂ ਆ ਰਹੀਆਂ ਹਨ ਕਿ ਇਨ੍ਹਾਂ ਇਕੱਠਾਂ ਵਿੱਚ ਮੁਸਲਿਮ ਭਾਈਚਾਰੇ ਦੀ ਭਰਵੀਂ ਸ਼ਮੂਲੀਅਤ ਕਿਤੇ ਅੰਦੋਲਨ ਦੀ ਧਰਮ ਨਿਰਪੱਖ ਦਿੱਖ ਨੂੰ ਹੀ ਨਾ ਭ੍ਰਿਸ਼ਟ ਕਰ ਦੇਵੇ। ਧਰਮ ਨਿਰਪੱਖ ਘੁਲਾਟੀਏ ਚਿੰਤਾ ਵਿੱਚ ਹਨ ਕਿ ਧਰਮ-ਨਿਰਪੱਖੀ ਨਾਗਰਿਕਤਾ ਦੀ ਪਰਿਭਾਸ਼ਾ ਲਈ ਵਿੱਢੀ ਲੜਾਈ ਵਿੱਚ ''ਲਾ ਇਲਾਹ ਇੱਲਿੱਲਾਹ'' ਅਤੇ ''ਨਾਅਰਾ-ਏ-ਤਕਬੀਰ ਅੱਲ੍ਹਾਹ-ਹੂ-ਅਕਬਰ'' ਦੇ ਆਵਾਜ਼ੇ ਅੰਦੋਲਨ ਨੂੰ ਫ਼ਿਰਕੂ ਰੰਗਤ ਦੇ ਸਕਦੇ ਹਨ।
         ਖੱਬੇ-ਪੱਖੀ ਨਰਮ-ਖਿਆਲੀਆਂ ਦੇ ਅਜਬ-ਗਜ਼ਬ ਇਸਤਰੀ ਕੀਤੇ ਸੈਕੂਲਰ ਦੀਨ ਵਿੱਚ ਕਿਸੇ ਐਸੇ ਧਾਰਮਿਕ ਨਾਅਰੇ ਨਾਲ ਵਿਚਾਰਧਾਰਕ ਵੱਟ ਪੈ ਜਾਂਦੇ ਹਨ। ਇਸ ਲਈ ਜਲਸੇ-ਜਲੂਸਾਂ-ਧਰਨਿਆਂ-ਪ੍ਰਦਰਸ਼ਨਾਂ ਵਿੱਚ ਉਹ ਮੁਸਲਮਾਨਾਂ ਨੂੰ ਸਮਝਾ ਰਹੇ ਹਨ ਕਿ ਚਿੱਟੀਆਂ ਸੈਲੀ ਟੋਪੀਆਂ ਦੀ ਭਰਮਾਰ ਤੋਂ ਬਚਿਆ ਜਾਵੇ; ਬੁਰਕਿਆਂ ਦਾ ਪਹਿਰਾਵਾ ਅਗਾਂਹਵਧੂ ਧਰਮ-ਨਿਰਪੱਖ ਵਿਗਿਆਨਕ ਸੋਚ ਨਾਲ ਟਕਰਾਉਂਦਾ ਹੈ; ਅਤੇ ਤਕਰੀਰ ਨੂੰ ਬੱਸ ਨਾਗਰਿਕਤਾ ਸੋਧ ਕਾਨੂੰਨ ਤੱਕ ਹੀ ਮਹਿਦੂਦ ਰੱਖੋ, ਬਾਬਰੀ ਮਸਜਿਦ ਜਾਂ ਕਸ਼ਮੀਰ ਦਾ ਜ਼ਿਕਰ ਜ਼ਰੂਰੀ ਨਹੀਂ।
          ਜਾਮੀਆ ਮਿਲੀਆ ਇਸਲਾਮੀਆ ਦੇ ਰਸਾਇਣ ਵਿਭਾਗ ਵਾਲੇ ਪਾਸੇ ਵਾਲੀ ਕੰਧ ਉੱਤੇ ਜਿੱਥੇ ਨਸਤਾਲੀਕ ਲਿੱਪੀ ਵਿੱਚ ਵੱਡੇ ਅੱਖਰਾਂ ਵਿੱਚ 'ਲਾ ਇਲਾਹ ਇੱਲਿੱਲਾਹ' ਲਿਖਿਆ ਸੀ, ਹੁਣ ਨਾਲ ਹੀ ਦੇਵਨਾਗਰੀ ਲਿੱਪੀ ਵਿੱਚ 'ਸਿਵਲ ਨਾਫਰਮਾਨੀ', 'ਹਮ ਸਬ ਏਕ ਹੈਂ' ਅਤੇ 'ਸੈਕੂਲਰ ਭਾਰਤ' ਵਰਗੀਆਂ ਇਬਾਰਤਾਂ ਵੀ ਜੜ੍ਹ ਦਿੱਤੀਆਂ ਗਈਆਂ ਹਨ।
          ਜਦੋਂ 370 ਤੋੜ, ਕਸ਼ਮੀਰੀਆਂ ਨੂੰ ਸੰਗੀਨਾਂ-ਬੂਟਾਂ-ਝੂਠਾਂ ਥੱਲੇ ਦਬਾ, ਵਾਦੀ ਨੂੰ ਖ਼ਾਮੋਸ਼ ਕਰਕੇ 'ਨਾਰਮਲ' ਕੀਤਾ ਗਿਆ ਸੀ ਤਾਂ ਵੀ ਇਸ ਕਾਰੇ ਖ਼ਿਲਾਫ਼ ਉੱਠੀ ਸੈਕੂਲਰ ਆਵਾਜ਼ ਵਿੱਚ ਇਹੀ ਚਿੰਤਾ ਸੀ ਕਿ ਇਹ ਅਤੀਤ ਵਿੱਚ ਕਸ਼ਮੀਰ ਨਾਲ ਕੀਤੇ ਕੌਲ ਦਾ ਨਿਰਾਦਰ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬੁਰਾ ਸਾਬਤ ਹੋਵੇਗਾ। ਅਜੇ ਵੀ ਚਿੰਤਾ ਸੀ ਕਿ ਇਹਨੂੰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲੀਆਂ ਤਾਕਤਾਂ ਦਾ ਮੁਸਲਮਾਨ ਘੱਟਗਿਣਤੀ ਉੱਤੇ ਨੰਗਾ ਚਿੱਟਾ ਹਮਲਾ ਕਰਾਰ ਦੇਣਾ ਮਾਮਲੇ ਨੂੰ ਫਿਰਕੂ ਰੰਗਤ ਦੇ ਦੇਵੇਗਾ।
           ਹੁਣ ਜਦੋਂ ਦੇਸ਼ ਦਾ ਨੌਜਵਾਨ, ਵਿਦਿਆਰਥੀ ਵਰਗ ਅਤੇ ਜਿਊਂਦੀਆਂ ਜ਼ਮੀਰਾਂ ਅਤੇ ਰੌਸ਼ਨ ਦਿਮਾਗ਼ਾਂ ਵਾਲੇ ਨਾਗਰਿਕ ਵੱਡੀ ਗਿਣਤੀ ਵਿੱਚ ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਹਨ ਤਾਂ ਕੁਝ ਸੈਕੂਲਰ ਰੂਹਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਖ਼ਲਕਤੀ ਜਮਾਵੜੇ ਉੱਤੇ ਫਿਰਕੂ ਪੁੱਠ ਵਾਲਾ ਕੋਈ ਬਿਆਨੀਆ ਹੀ ਨਾ ਤਾਮੀਰ ਹੋ ਜਾਵੇ। ਇਸ ਲਈ ਉਹ ਅੰਦੋਲਨ ਨੂੰ ਭਾਰਤੀ ਸੰਵਿਧਾਨ-ਪ੍ਰਵਾਨਿਤ ਤਿਰੰਗੀ ਅਤੇ ਸੁਰਖ਼-ਪਰਚਮ ਸੋਚ ਨਾਲ ਸੁਸ਼ੋਭਿਤ 'ਸੈਕੂਲਰ ਡੈਮੋਕ੍ਰੇਟਿਕ ਸੋਸ਼ਲਿਸਟ ਰੀਪਬਲਿਕ' ਵਾਲੇ ਕਿਸੇ ਸਾਂਚੇ ਵਿੱਚ ਫਿੱਟ ਕਰ, ਸਾਡੇ ਹੱਡੀਂ-ਹੰਢਾਏ ਅਤੇ ਇਤਿਹਾਸ ਵਿੱਚ ਕਮਾਏ ਸਾਰੇ ਫ਼ਰਕ ਮਿਟਾ, ਬੱਸ 'ਵੀ ਦਿ ਪੀਪਲ' (We "he Peop&e) ਤੱਕ ਮਹਿਦੂਦ ਕਰ ਦੇਣਾ ਚਾਹੁੰਦੇ ਹਨ।
          ਅੰਦੋਲਨ ਇਸ ਲਈ ਭਖਿਆ ਹੋਇਆ ਹੈ ਕਿਉਂ ਜੋ ਖ਼ਲਕਤ ਆਪਣੀ ਸੁਭਾਵਿਕ ਸਮਝ, ਇਨਸਾਨੀਅਤ ਬਾਰੇ ਇੱਕ ਬੁਨਿਆਦੀ ਪਹੁੰਚ ਅਤੇ ਸਦੀਆਂ ਦੀ ਭਾਈਚਾਰਕ ਵਿਰਾਸਤੀ ਪ੍ਰੰਪਰਾ ਤੋਂ ਪ੍ਰੇਰਿਤ ਹੋ ਕੇ, ਕਿਸੇ ਹੋਰ ਨਾਲ ਹੋ ਰਹੇ ਜ਼ਾਹਿਰਾ ਧੱਕੇ ਨੂੰ ਬਰਦਾਸ਼ਤ ਕਰਨ ਤੋਂ ਇਨਕਾਰ ਦਾ ਇਜ਼ਹਾਰ ਕਰਨ ਲਈ ਅਤੇ ਇੱਕ ਦੂਜੇ ਨਾਲ ਇਹ ਇਕਰਾਰ ਕਰਨ ਲਈ ਸੜਕ 'ਤੇ ਆ ਗਈ ਹੈ ਕਿ ਹਕੂਮਤ ਜੋ ਕਰ ਰਹੀ ਹੈ, ਉਹ ਗ਼ਲਤ ਹੈ।
          ਇਹ ਖ਼ਲਕਤ ਹਕੂਮਤ ਦੀ ਸੰਗੀਨ ਅਤੇ ਉਹਦੇ ਨਿਸ਼ਾਨੇ 'ਤੇ ਮਜ਼ਲੂਮ ਵਿਚਕਾਰ ਦੀਵਾਰ ਬਣ ਕੇ ਖੜ੍ਹ ਗਈ ਹੈ। ਪਰ ਜੇ 'ਹਮ ਭਾਰਤ ਕੇ ਲੋਗ' ਵਾਲੇ ਲਾਇਸੈਂਸ-ਸ਼ੁਦਾ ਵਿਸ਼ਵੀ-ਨਾਗਰਿਕ-ਬੁੱਧੀਜੀਵੀ ਮਜ਼ਲੂਮ ਨੂੰ ਇਹ ਸਮਝਾਉਣਾ ਚਾਹੁੰਦੇ ਹਨ ਕਿ ਉਸ ਉੱਤੇ ਹਮਲਾ ਭਾਰਤ ਦੇ ਨਾਗਰਿਕ ਉੱਤੇ ਹਮਲਾ ਹੈ, ਮੁਸਲਮਾਨ ਉੱਤੇ ਨਹੀਂ ਤਾਂ ਉਹ ਆਪਣੇ ਉਦਾਰਵਾਦੀ ਧਰਮ ਦੀ ਕੱਟੜਤਾ ਬਾਰੇ ਮੁੜ ਤੋਂ ਸੋਚਣ।
            ਦੇਸ਼ ਅਤੇ ਕਾਂਗਰਸ ਪਾਰਟੀ ਦੇ ਸੈਕੂਲਰ-ਠੱਪਾ ਲੱਗੇ ਅਤੇ ਔਖੀ ਅੰਗਰੇਜ਼ੀ ਲਿਖਣ ਬੋਲਣ ਵਾਲੇ ਐੱਮ.ਪੀ. ਸ਼ਸ਼ੀ ਥਰੂਰ ਨੇ ਇੱਕ ਰੋਹ ਭਰੇ ਪ੍ਰਦਰਸ਼ਨ ਵਿੱਚ ''ਲਾ ਇਲਾਹ ਇੱਲਿੱਲਾਹ'' ਕੂਕਦੀ ਭੀੜ ਦਾ ਵੀਡੀਓ ਟਵੀਟ ਕਰ ਕਿਹਾ ਕਿ ਅਸੀਂ ਹਿੰਦੂਤਵਵਾਦੀ ਅੱਤਵਾਦ ਵਿਰੁੱਧ ਲੜ ਰਹੇ ਹਾਂ, ਇਸ ਲਈ ਇਸਲਾਮੀ ਅਤਿਵਾਦ ਅਤੇ ਧਾਰਮਿਕ ਰੂੜੀਵਾਦੀ ਸੋਚ ਤੋਂ ਕਿਨਾਰਾਕਸ਼ੀ ਦੀ ਲੋੜ ਹੈ। ਇਹ ਉਹੀ ਸੋਚ ਹੈ ਜਿਸ ਨੂੰ ਲੱਗਦਾ ਹੈ ਕਿ ਦੇਸ਼ ਭਗਤਾਂ ਦੇ ਨਾਮ ਲੱਗੇ ਕਿਸੇ ਮੇਲੇ ਵਿੱਚ ਵੇਚੇ ਜਾ ਰਹੇ ਧਰਮ-ਨਿਰਪੱਖ ਭਾਰਤ ਦੇ ਸੁਫ਼ਨੇ ਵਿੱਚ ''ਬੋਲੇ ਸੋ ਨਿਹਾਲ'' ਦਾ ਆਵਾਜ਼ਾ ਫ਼ਿਰਕੂ ਖ਼ਲਲ ਪਾ ਸਕਦਾ ਹੈ, ਇਨਕਲਾਬ ਨੂੰ ਭਟਕਾ ਸਕਦਾ ਹੈ।
           ਹਮਲਾ ਮੁਸਲਮਾਨ 'ਤੇ ਹੋ ਰਿਹਾ ਹੈ। ਹਮਲਾ ਮੁਸਲਮਾਨ ਦੇ ਧਰਮ 'ਤੇ, ਉਹਦੀ ਮੁਸਲਿਮ ਪਛਾਣ 'ਤੇ ਹੋ ਰਿਹਾ ਹੈ। ਹਮਲਾ ਉਸ 'ਤੇ ਇਸ ਲਈ ਹੋ ਰਿਹਾ ਹੈ ਕਿਉਂਕਿ ਉਸ ਦੇ ਨਾਮ ਵਿੱਚ ਖ਼ਾਨ, ਅਹਿਮਦ, ਰਹਿਮਾਨ, ਮੁਹੰਮਦ ਆਉਂਦਾ ਹੈ, ਕਿਉਂਕਿ ਉਹਦੇ ਬੱਚੇ ਆਲੀਆ-ਮਾਲੀਆ-ਜਮਾਲੀਆ ਕਹਾਉਂਦੇ ਹਨ। ਉਹਦੀ ਆਜ਼ਾਨ 'ਤੇ ਹਮਲਾ ਹੋ ਰਿਹਾ ਹੈ, ਉਹਦੀ ਨਮਾਜ਼ 'ਤੇ ਹਮਲਾ ਹੋ ਰਿਹਾ ਹੈ, ਉਹਦੇ ਭੋਜਨ 'ਤੇ ਹਮਲਾ ਹੋ ਰਿਹਾ ਹੈ। ਗਾਂ ਤੋਂ ਲੈ ਕੇ ਭੇਡਾਂ, ਬੱਕਰੀਆਂ, ਸੂਰਾਂ ਤੱਕ ਜਾਨਵਰਾਂ ਦੇ ਧਰਮਾਂ ਨਾਲ ਰਿਸ਼ਤੇ ਲੱਭ-ਲੱਭ ਹਮਲੇ ਕੀਤੇ ਜਾ ਰਹੇ ਹਨ ਪਰ ''ਹਮ ਭਾਰਤ ਕੇ ਲੋਗ'' ਦਾ ਬਿੱਲਾ ਲਾਈ ਸਾਡੇ ਬੁੱਧੀਜੀਵੀ ਉਹਨੂੰ ਸਮਝਾ ਰਹੇ ਹਨ ਕਿ ਉਹ ਆਪਣੀ ਧਾਰਮਿਕ ਪਛਾਣ ਨੂੰ ਰੇਖਾਂਕਿਤ ਨਾ ਕਰੇ, ਜਬਰ ਵਿਰੁੱਧ ਰੋਹ ਦਾ ਪ੍ਰਗਟਾਵਾ ਕਰਨ ਲਈ ਇਹ ਨਾਅਰਾ ਨਾ ਲਾਵੇ ਕਿ ਅਜੇ ਕਰਬਲਾ ਦੀ ਲੜਾਈ ਦਾ ਆਖ਼ਰੀ ਮੈਦਾਨ ਬਾਕੀ ਹੈ, ਅਜੇ ਤਾਂ ਕੁਰਾਨ ਬਾਕੀ ਹੈ, ਖ਼ੁਦਾ ਦੀ ਸ਼ਾਨ ਬਾਕੀ ਹੈ। ਸਗੋਂ ਸੈਕੂਲਰ ਧਰਮੀਆਂ ਤੋਂ ''ਹਮ ਭਾਰਤ ਕੇ ਨਾਗਰਿਕ'' ਵਾਲੀ ਸਿੰਥੈਟਿਕ ਜਿਹੀ ਦਲੀਲ ਨੂੰ ਕਵਚ ਬਣਾ ਸਭਨਾਂ ਨਾਗਰਿਕਾਂ ਲਈ ਬੇਖ਼ੌਫ਼ ਆਜ਼ਾਦੀ ਮੰਗਦੇ ਧਰਨੇ ਵਿੱਚ ਮੋਮਬੱਤੀ ਲੈ ਕੇ ਹਾਜ਼ਰ ਹੋਵੇ, ਸਾਰੇ ਜਹਾਂ ਸੇ ਅੱਛਾ ਗਾਵੇ, ਤਿਰੰਗਾ ਲਹਿਰਾਵੇ। ਟੋਪੀ ਘਰ ਹੀ ਛੱਡ ਆਵੇ।
           ਇੱਕ ਧਿਰ ਮੁਸਲਮਾਨ ਨੂੰ ਇਸ ਲਈ ਦਬਾਉਣਾ ਚਾਹੁੰਦੀ ਹੈ ਕਿਉਂ ਜੋ ਉਹ ਹਿੰਦੂ ਰਾਸ਼ਟਰ ਦੇ ਬਿਆਨੀਏ ਨੂੰ ਪਰਨਾਈ ਹੈ, ਦੂਜੀ ਧਿਰ ਮੁਸਲਮਾਨ ਨੂੰ ਅਦਿੱਖ ਕਰ ਦੇਣਾ ਚਾਹ ਰਹੀ ਹੈ ਤਾਂ ਜੋ ਅਸੀਂ ਸਭ ਉਹਦੇ ਸਾਂਚੇ ਵਿੱਚ ਫਿੱਟ ਹੋਣ ਯੋਗ ''ਹਮ ਭਾਰਤ ਕੇ ਲੋਗ'' ਬਣ ਜਾਈਏ। ਰਾਸ਼ਟਰ ਦੇ ਨਿਰਮਾਣ ਵਿੱਚੋਂ ਤਾਂ ਦੋਵੇਂ ਹੀ ਘੱਟਗਿਣਤੀਆਂ ਨੂੰ ਹਾਸ਼ੀਏ 'ਤੇ ਧੱਕ ਰਹੇ ਹਨ। ਇਸੇ ਚੱਕੀ ਵਿੱਚ ਪਿਸ ਰਿਹਾ ਮੁਸਲਮਾਨ ਹੁਣ ਮੌਕਾ ਬੇਮੌਕਾ ਹੱਥਾਂ ਵਿੱਚ ਤਿਰੰਗਾ ਫੜੀ ਦੇਸ਼ ਭਗਤੀ ਦਾ ਇਜ਼ਹਾਰ ਕਰਦਾ ਦਿਸਦਾ ਹੈ।
           ਜਿਹੜੀ ਹਕੂਮਤਗਰਦੀ ਪੰਜਾਬ ਨੇ ਆਪਣੇ ਸੀਨੇ 'ਤੇ ਝੱਲੀ ਹੈ, ਉਸ ਵਿੱਚ ਹਮਲਾ ਭਾਰਤ ਦੇ ਨਾਗਰਿਕ ਉੱਤੇ ਨਹੀਂ, ਸਿੱਖ 'ਤੇ ਹੋ ਰਿਹਾ ਸੀ। ਟੈਂਕ ਭਾਰਤੀ ਵਿਰਾਸਤ 'ਤੇ ਗੋਲੇ ਨਹੀਂ ਸਨ ਵਰ੍ਹਾ ਰਹੇ ਸਨ, ਉਹ ਸਿੱਖਾਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਰਹੇ ਸਨ। ਲਾਇਬ੍ਰੇਰੀਆਂ ਨੂੰ ਅੱਗਾਂ ਕੌਮਾਂ ਨੂੰ ਤਬਾਹ ਕਰਨ ਲਈ ਲਾਈਆਂ ਜਾਂਦੀਆਂ ਹਨ। ਉਦਾਰਵਾਦੀਆਂ ਨੂੰ ਉਦੋਂ ਵੀ ਫ਼ਿਕਰ ਰਹਿੰਦੀ ਸੀ ਕਿ ਇਹਨੂੰ ਸਿੱਖਾਂ ਉੱਤੇ ਸਿੱਧਾ-ਸਿੱਧਾ ਹਕੂਮਤੀ ਜਬਰ ਕਹਿਣ ਨਾਲ ਰੂਸੀ-ਚੀਨੀ ਸੁਰਖ਼ ਬਿਆਨੀਆ ਫ਼ਿਰਕੂ ਹੋ ਜਾਵੇਗਾ।
           ਦੇਸ਼ ਦੀ ਰਾਜਧਾਨੀ ਵਿੱਚ 1984 ਦੀ ਸਰਦੀ ਸਿਆਸਤੀ ਹੱਥਾਂ ਨੇ ਲੰਬੇ ਵਾਲਾਂ ਵਾਲੇ ਨਾਗਰਿਕਾਂ ਨੂੰ ਜਿਉਂਦੇ ਸਾੜ ਕੇ ਅੱਗ ਸੇਕ ਮਨਾਈ ਸੀ। (ਹੁਣ ਤਾਂ ਮੈਂ ਪਾਸ ਹਾਂ? ਵੇਖੋ, 'ਸਿੱਖ' ਨਹੀਂ ਲਿਖਿਆ।)
           ਜੇ ਹਮਲਾ ਇਸ ਲਈ ਹੋ ਰਿਹਾ ਹੈ ਕਿ ਕੋਈ ਮੁਸਲਮਾਨ ਹੈ ਤਾਂ ਫਿਰ ਆਪਣੀ ਮੁਸਲਿਮ ਪਛਾਣ ਨੂੰ ਹੋਰ ਵੀ ਮੁਅੱਸਰ ਤਰੀਕੇ ਨਾਲ ਰੱਖਣਾ ਹੱਕੀ ਵਿਰੋਧ ਹੈ। ਜੇ ਤੁਸੀਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰਦੇ ਹੋ ਤਾਂ ਫਿਰ ਵਿਰੋਧ ਵਜੋਂ ਨੌਜਵਾਨ ਨੁਕੀਲੀ ਕੇਸਰੀ ਪੱਗ ਬੰਨ੍ਹ, ਦੁਪੱਟੇ ਲੈ, ਗਾਤਰੇ ਵਾਲੀ ਕਿਰਪਾਨ ਕਮੀਜ਼ ਦੇ ਉੱਤੋਂ ਦੀ ਪਾ ਕੇ ਨਿਕਲਣਗੇ। ਨਿਊਜ਼ੀਲੈਂਡ ਵਿੱਚ ਜਦੋਂ ਇੱਕ ਸਿਰਫ਼ਿਰੇ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਤਾਂ ਸਥਾਨਕ ਇਸਾਈ ਔਰਤਾਂ ਯਕਜਹਿਤੀ ਦਾ ਇਜ਼ਹਾਰ ਕਰਨ ਬੁਰਕੇ ਪਾ ਕੇ ਸੜਕ 'ਤੇ ਆਈਆਂ।
           ਜਦੋਂ ਨਫ਼ਰਤੀ ਬਿਆਨੀਆ ਇਹ ਹੋਵੇ ਕਿ ਧਰਨੇ ਵਿੱਚ ਲੋਕ ਪਹਿਰਾਵੇ ਤੋਂ ਪਛਾਣੇ ਜਾਂਦੇ ਹਨ ਤਾਂ ਫਿਰ ਸਾਡਾ ਜਵਾਬ ਕੀ ਹੋਣਾ ਚਾਹੀਦਾ ਹੈ? ਗੁਰੂ ਨੇ ਦਰ 'ਤੇ ਆਏ ਸਵਾਲੀਆਂ ਨੂੰ ਇਹ ਤਾਂ ਨਹੀਂ ਸੀ ਕਿਹਾ ਕਿ ਤੁਸੀਂ ਜਨੇਊ ਹੀ ਪਾਉਣਾ ਛੱਡ ਦਿਓ, ਮੂਰਤੀ ਪੂਜਾ ਤੋਂ ਗੁਰੇਜ਼ ਕਰੋ। ਗੁਰੂ ਨੇ ਸੀਸ ਦੇ ਦਿੱਤਾ ਕਿਉਂ ਜੋ ਇਹ ਮਨਜ਼ੂਰ ਨਹੀਂ ਸੀ ਕਿ ਕੋਈ ਜਬਰਨ ਕਿਸੇ ਦਾ ਜਨੇਊ ਲੁਹਾਵੇ।
           ਗ਼ਦਰੀ ਬਾਬੇ ਤਾਂ ਜੇਲ੍ਹ ਵਿੱਚ ਪਗੜੀ, ਕਛਹਿਰੇ ਪਾਉਣ ਦੇ ਹੱਕ ਲਈ ਭੁੱਖ ਹੜਤਾਲ ਕਰ ਸਕਦੇ ਸਨ। ਬਾਬਾ ਸੋਹਨ ਸਿੰਘ ਭਕਨਾ ਦੀ ਰਿਹਾਈ ਉਪਰੰਤ ਸਵਾਗਤੀ ਦੀਵਾਨ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਸਜੇ ਸਨ। ਖ਼ਲਕਤ ਲਈ ਵਲਵਲਿਆਂ ਦੀ ਵਿਰਾਸਤ ਪਿੱਛੇ ਚਰਖੜੀਆਂ 'ਤੇ ਚੜ੍ਹਨ, ਬੰਦ-ਬੰਦ ਕਟਵਾਉਣ ਦਾ ਇਤਿਹਾਸ ਸੀ। ਅੱਜ ''ਲਾ ਇਲਾਹ ਇੱਲਿੱਲਾਹ'' ਸ਼ੂਕਦੀ ਭੀੜ ਕੋਲ ਇਮਾਮ ਹੁਸੈਨ ਦੀ ਸ਼ਹਾਦਤ ਦੀ ਗੁੜ੍ਹਤੀ ਹੈ।
           ਉਦਾਰਵਾਦੀਆਂ ਨੂੰ ਆਪਣੇ ਸੈਕੂਲਰ ਦੀਨ ਦੇ ਕੱਟੜਵਾਦ ਵੱਲ ਮੁੜ ਗਹੁ ਕਰਨ ਦੀ ਲੋੜ ਹੈ। ਨਾਗਰਿਕਤਾ ਦੇ ਸਵਾਲ 'ਤੇ ਚੌਕ 'ਚ ਉਮੜਿਆ ਸਮੂਹ ਉਨ੍ਹਾਂ ਦੀ ਕੇਂਦਰੀ ਭੂਮਿਕਾ ਦਾ ਸੂਚਕ ਨਹੀਂ ਬਲਕਿ ਗ਼ੈਰ-ਅਹਿਮੀਅਤ ਦੀ ਅਲਾਮਤ ਹੈ। ''ਏਕ ਤਿਤਲੀ, ਅਨੇਕ ਤਿਤਲੀਆਂ'' ਵਾਲੀ ''ਅਨੇਕਤਾ ਮੇਂ ਏਕਤਾ'' 'ਤੇ ਹੀ ਅਕਲੇ-ਕੁੱਲ ਖ਼ਤਮ ਨਹੀਂ ਹੋ ਜਾਂਦੀ। ਗ਼ਰੀਬ, ਮਜ਼ਦੂਰ, ਕਿਸਾਨ, ਦਲਿਤ, ਆਦਿਵਾਸੀ, ਘੱਟਗਿਣਤੀਆਂ ਲਈ ਵਿੱਢੀਆਂ ਲੜਾਈਆਂ ਨੂੰ ''ਬੋਲੇ ਸੋ ਨਿਹਾਲ'' ਅਤੇ ''ਅੱਲ੍ਹਾਹ-ਹੂ-ਅਕਬਰ'' ਦੇ ਅਵਾਜ਼ਿਆਂ ਤੋਂ ਫਿਰਕੂ ਸੋਚ ਨਹੀਂ, ਖ਼ਲਕਤੀ ਖੁਦਾਈ ਬਲ ਮਿਲਦਾ ਹੈ।
- ਐੱਸ ਪੀ ਸਿੰਘ

© 2011 | All rights reserved | Terms & Conditions