''26 ਜਨਵਰੀ ਸਿੱਖਾਂ ਨਾਲ ਧੋਖਾ ਦਿਵਸ'' : Dr. Amarjit Singh washington D.C
Submitted by Administrator
Friday, 10 January, 2020- 06:13 pm
''26 ਜਨਵਰੀ ਸਿੱਖਾਂ ਨਾਲ ਧੋਖਾ ਦਿਵਸ'' :  Dr. Amarjit Singh washington D.C

ਭਾਰਤੀ ਸੰਵਿਧਾਨ ਨੂੰ ਵਰਤਕੇ ਸਿੱਖਾਂ ਦੇ ਸਰਵਨਾਸ਼ੀ ਦੀ ਮੁਹਿੰਮ ਲਗਾਤਾਰ ਜਾਰੀ!


          ਵਾਸ਼ਿੰਗਟਨ, ਡੀ. ਸੀ. (11 ਜਨਵਰੀ, 2020)- 26 ਜਨਵਰੀ, 1950 ਨੂੰ ਜਦੋਂ ਭਾਰਤ ਦੇ ਬਹੁਗਿਣਤੀ ਹਿੰਦੂ ਭਾਰਤੀ ਸੰਵਿਧਾਨ ਲਾਗੂ ਹੋਣ 'ਤੇ ਖੁਸ਼ੀਆਂ ਦੇ ਜਸ਼ਨ ਮਨਾ ਰਹੇ ਸਨ, ਉਦੋਂ ਸਿੱਖ ਕੌਮ ਵਲੋਂ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਸੀ। ਕਾਲਾ ਦਿਵਸ ਮਨਾਉਣ ਦਾ ਸੱਦਾ, ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਸੀ, ਜਿਸ ਨੂੰ ਸਿੱਖਾਂ ਨੇ ਪੂਰੀ ਤਰ੍ਹਾਂ ਮੰਨਿਆ ਸੀ। ਇਸ ਤੋਂ ਪਹਿਲਾਂ ਸੰਵਿਧਾਨ-ਘੜਨੀ ਅਸੈਂਬਲੀ (ਕਨਸਟੀਚਿਊਐਂਟ ਅਸੈਂਬਲੀ) ਵਿੱਚ ਅਕਾਲੀ ਦਲ ਦੇ ਦੋਵਾਂ ਨੁਮਾਇੰਦਿਆਂ - ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਹ ਕਹਿ ਕੇ ਸੰਵਿਧਾਨ ਦੇ ਖਰੜੇ 'ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਸੀ - 'ਇਹ ਭਾਰਤੀ ਸੰਵਿਧਾਨ ਦਾ ਦਸਤਾਵੇਜ਼, ਸਿੱਖਾਂ ਨਾਲ ਕੀਤੇ ਧੋਖੇ ਦਾ ਦਸਤਾਵੇਜ਼ ਹੈ। ਇਹ ਸਿੱਖਾਂ ਨਾਲ ਮਾਰੀ ਗਈ ਠੱਗੀ ਹੈ। ਸਿੱਖ ਕੌਮ ਨਾਲ, ਬਹੁਗਿਣਤੀ ਹਿੰਦੂਆਂ ਵਲੋਂ ਕੀਤਾ ਗਿਆ ਵਿਸਾਹਘਾਤ ਹੈ। ਇਸ ਧੋਖਾਧੜੀ ਦੇ ਦਸਤਾਵੇਜ਼ ਨੂੰ ਅਸੀਂ ਬਿਲਕੁਲ ਨਹੀਂ ਮੰਨਦੇ। ਅਖੌਤੀ ਭਾਰਤੀ ਸੰਵਿਧਾਨ ਨੂੰ ਅਸੀਂ ਬਿਲਕੁਲ ਨਹੀਂ ਮੰਨਦੇ।' ਇਹ ਇੱਕ ਇਤਿਹਾਸਕ ਤੱਥ ਹੈ ਕਿ ਸਿੱਖਾਂ ਨੇ ਇਸ ਸੰਵਿਧਾਨ ਨੂੰ ਕਦੀ ਵੀ ਮਾਨਤਾ ਨਹੀਂ ਦਿੱਤੀ। ਇਸ ਲਈ ਅਸੀਂ ਭਾਰਤ ਦੇ ਕਿਸੇ ਕਾਇਦੇ-ਕਾਨੂੰਨ ਦੀ ਜੱਦ ਵਿੱਚ ਨਹੀਂ ਹਾਂ।
           ਪਿਛਲੇ 70 ਸਾਲਾਂ ਵਿੱਚ, ਇਸ ਸੰਵਿਧਾਨ ਵਿੱਚ 100 ਤੋਂ ਜ਼ਿਆਦਾ ਸੋਧਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਮੰਤਵ ਘੱਟ ਗਿਣਤੀਆਂ ਦਾ ਗਲਾ ਘੁੱਟਣਾ ਰਿਹਾ ਹੈ। ਇਸ ਸੰਵਿਧਾਨ ਦੀ ਧਾਰਾ 25, ਸਿੱਖਾਂ ਨੂੰ ਬੋਧੀਆਂ ਅਤੇ ਜੈਨੀਆਂ ਸਮੇਤ 'ਹਿੰਦੂ' ਗਰਦਾਨਦੀ ਹੈ। ਇਸੇ ਲਈ ਸਿੱਖ, 'ਹਿੰਦੂ ਮੈਰਿਜ ਐਕਟ', 'ਹਿੰਦੂ ਕੋਡ ਬਿੱਲ,' 'ਹਿੰਦੂ ਵਿਰਾਸਤ ਐਕਟ', ਅਧੀਨ 'ਹਿੰਦੂ' ਹੀ ਗਰਦਾਨੇ ਜਾਂਦੇ ਹਨ। ਧਰਮਯੁੱਧ ਮੋਰਚੇ ਦੌਰਾਨ, ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਚੰਡੀਗੜ੍ਹ ਵਿੱਚ ਸਾੜ ਕੇ 26 ਜਨਵਰੀ, 1950 ਦੇ ਸਿੱਖ ਨੁਮਾਇੰਦਿਆਂ ਦੇ ਮਤੇ ਨੂੰ ਹੀ ਦੋਹਰਾਇਆ ਸੀ - ਪਰ ਅਫਸੋਸ! ਅੱਜ ਬਾਦਲ ਨੂੰ ਆਪਣੇ ਕੀਤੇ 'ਤੇ ਵੀ 'ਅਫਸੋਸ' ਹੈ ਅਤੇ ਉਸ ਦੀ ਸਮੁੱਚੀ ਜੁੰਡਲੀ ਆਰ. ਐਸ. ਐਸ. ਦਾ ਹੱਥਠੋਕਾ ਬਣੀ ਹੋਈ ਹੈ। ਸਿੱਖ ਸੰਘਰਸ਼ ਦੀ ਗੱਲ ਸਭ ਨੂੰ ਭੁੱਲੀ ਹੋਈ ਹੈ। ਹੁਣ ਤਾਂ ਗੱਲ ਸੋਧਾਂ ਤੋਂ ਵੀ ਅਗਾਂਹ ਚਲੇ ਗਈ। ਮੋਦੀ ਸਰਕਾਰ ਸੰਵਿਧਾਨ ਦੇ ਮੂਲ ਨੂੰ ਹੀ ਬਦਲ ਰਹੀ ਹੈ।
          ਇਸੇ ਭਾਰਤੀ ਸੰਵਿਧਾਨ ਦੇ ਤਹਿਤ ਪਿਛਲੇ 70 ਸਾਲਾਂ ਵਿੱਚ ਲੱਖਾਂ ਸਿੱਖ ਮੌਤ ਦੇ ਘਾਟ ਉਤਾਰੇ ਗਏ, ਸ੍ਰੀ ਅਕਾਲ ਤਖਤ ਸਾਹਿਬ ਟੈਂਕਾਂ-ਤੋਪਾਂ ਨਾਲ ਢਾਹ ਢੇਰੀ ਕਰ ਦਿੱਤਾ ਗਿਆ, ਸਿੱਖਾਂ ਦਾ ਇਤਿਹਾਸਕ ਖਜ਼ਾਨਾ ਲੁੱਟਿਆ ਅਤੇ ਸਾੜਿਆ ਗਿਆ, ਟਾਡਾ ਤੇ ਐਨ. ਐਸ. ਏ. ਵਰਗੇ ਕਾਲੇ ਕਾਨੂੰਨਾਂ ਹੇਠ ਪੰਜਾਬ ਦੀ ਜਵਾਨੀ ਨੂੰ ਜੇਲ੍ਹਾਂ ਵਿੱਚ ਰੋਲ-ਰੋਲ ਕੇ ਮਾਰਿਆ ਗਿਆ, ਨਵੰਬਰ '84 ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਊਂਦਿਆਂ ਸਾੜਿਆ ਗਿਆ, ਸੈਂਕੜੇ ਸਿੱਖ ਅਜੇ ਵੀ ਜੇਲ੍ਹਾਂ ਵਿੱਚ ਤਾੜੇ ਹੋਏ ਹਨ, ਧਰਮੀ ਫੌਜੀਆਂ ਨੂੰ ਮਾਰਿਆ ਗਿਆ ਅਤੇ ਅਜੇ ਵੀ ਕੁਝ ਝੂਠੇ ਕੇਸਾਂ ਵਿੱਚ ਜੇਲ੍ਹੀਂ ਡੱਕੇ ਹੋਏ ਹਨ। ਜੂਨ '84 ਵਿੱਚ ਸਿੱਖਾਂ ਦੇ ਖਿਲਾਫ ਭਾਰਤੀ ਹਾਕਮਾਂ ਵਲੋਂ ਵਿੱਢੀ ਗਈ ਅਣਐਲਾਨੀ ਜੰਗ 36 ਸਾਲਾਂ ਬਾਅਦ ਵੀ ਜਾਰੀ ਹੈ ਅਤੇ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਲਈ ਚਾਣਕਿਆ ਨੀਤੀ ਦੇ ਚਾਰੇ ਹਥਿਆਰ ਸਾਮ-ਦਾਮ-ਦੰਡ-ਭੇਦ ਬੜੀ ਬੇਸ਼ਰਮੀ ਨਾਲ ਵਰਤੇ ਜਾ ਰਹੇ ਹਨ। ਭਾਰਤੀ ਹਾਕਮਾਂ ਦੀ ਸਿੱਖ-ਵਿਰੋਧੀ ਨੀਤੀ ਨੇ ਬਾਹਰਲੇ ਸਿੱਖਾਂ ਨੂੰ ਵੀ 'ਸਿੱਖ-ਤਬਾਹੀ' ਦੇ ਏਜੰਡੇ ਵਿੱਚ ਸ਼ਾਮਲ ਕੀਤਾ ਹੋਇਆ ਹੈ। ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਨਾਲ, ਕੀਤੀਆਂ ਗਈਆਂ (ਧੜਾਧੜ) ਦੇਸ਼-ਹਵਾਲਗੀ ਸੰਧੀਆਂ ਦਾ ਮੁੱਖ ਮਨੋਰਥ, ਪ੍ਰਦੇਸੀ ਸਿੱਖਾਂ ਦੇ ਮਨੋਬਲ ਨੂੰ ਤੋੜਨਾ ਅਤੇ ਜਿਹੜੇ ਸਿੱਖ ਭਾਰਤੀ ਜਬਰਤੰਤਰ ਦੇ ਸ਼ਿਕੰਜੇ 'ਚੋਂ ਨਿਕਲਕੇ ਬਾਹਰ ਆ ਗਏ ਹਨ, ਉਹਨਾਂ ਨੂੰ ਵਾਪਸ ਭਾਰਤ ਲਿਆ ਕੇ ਖਵਾਰ ਕਰਨਾ ਹੈ। ਬਰਤਾਨਵੀ ਨਾਗਰਿਕ ਜੱਗੀ ਜੌਹਲ ਨੂੰ ਝੂਠੇ ਕੇਸਾਂ 'ਚ ਫਸਾ ਕੇ ਪੰਜਾਬ 'ਚ ਤਸ਼ੱਦਦ ਦਾ ਸ਼ਿਕਾਰ ਬਣਾਉਣਾ ਇਸ ਦੀ ਤਾਜ਼ਾ ਮਿਸਾਲ ਹੈ। ਭਾਰਤੀ ਹਾਕਮਾਂ ਵਲੋਂ ਪੰਜਾਬ ਵਿੱਚ ਸਿੱਖਾਂ ਦੇ ਨਸਲਘਾਤ ਦੇ ਨਾਲ ਨਾਲ ਸਿੱਖ ਸੱਭਿਆਚਾਰ ਦੀ ਤਬਾਹੀ ਦਾ ਏਜੰਡਾ ਵੀ ਪੂਰੇ ਜ਼ੋਰ-ਸ਼ੋਰ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਚੀ-ਖੁਚੀ ਸਿੱਖ ਜਵਾਨੀ ਨੂੰ ਨਸ਼ਿਆਂ, ਡਰੱਗਜ਼ ਅਤੇ ਵੇਸਵਾਬਿਰਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਬਿਹਾਰ ਤੇ ਯੂ. ਪੀ. ਦੇ ਭਈਆਂ ਨੂੰ 'ਪੱਕੇ ਸ਼ਹਿਰੀ' ਬਣਾਉਣਾ - ਸਿੱਖਾਂ ਨੂੰ ਪੰਜਾਬ ਵਿੱਚ ਘੱਟਗਿਣਤੀ ਬਣਾਉਣ ਦੀ ਸਾਜ਼ਿਸ਼ ਦਾ ਹੀ ਹਿੱਸਾ ਹੈ। ਇਹ ਭਈਆ ਫੌਜ, ਪੰਜਾਬ ਵਿੱਚ ਤੰਬਾਕੂਨੋਸ਼ੀ ਅਤੇ ਸਦਾਚਾਰ ਵਿਰੋਧੀ ਰੁਝਾਨਾਂ ਦਾ ਬੜੀ ਤੇਜ਼ੀ ਨਾਲ ਪਸਾਰ ਕਰ ਰਹੀ ਹੈ।
           ਭਾਰਤ ਦੀ ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੇ, ਸਿੱਧੀ-ਸਿੱਧੀ ਸਿੱਖ ਨਸਲਕੁਸ਼ੀ ਦੇ ਨਾਲ-ਨਾਲ, ਸਿੱਖਾਂ ਵਿੱਚ ਗੁਰੂਡੰਮ ਨੂੰ ਪ੍ਰਚਾਰਨ-ਪ੍ਰਸਾਰਨ ਲਈ ਸਿੱਖ ਵਿਰੋਧੀ ਡੇਰਿਆਂ ਨੂੰ ਵੀ ਪੂਰੀ ਪੁਸ਼ਤਪਨਾਹੀ ਦਿੱਤੀ ਹੋਈ ਹੈ। ਕੈਪਟਨ ਸਰਕਾਰ ਕੇਂਦਰ ਦੀ ਸ਼ਹਿ 'ਤੇ ਪੂਰੀ ਗਰਮਜੋਸ਼ੀ ਨਾਲ, ਏਜੰਸੀਆਂ ਦੇ ਏਜੰਡੇ ਨੂੰ ਲਾਗੂ ਕਰਵਾ ਰਹੀ ਹੈ। ਇਨ੍ਹਾਂ ਫਿਰਕਿਆਂ ਦਾ ਵਿਰੋਧ ਕਰਨ ਵਾਲੀਆਂ ਪੰਥਕ ਧਿਰਾਂ ਨੂੰ ਜਿੱਥੇ ਪੁਲਿਸ ਦਰਿੰਦਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉਥੇ ਪ੍ਰਮੁੱਖ ਕਾਰਕੁੰਨਾਂ ਨੂੰ ਝੂਠੇ ਕੇਸਾਂ ਵਿੱਚ ਵੀ ਫਸਾਇਆ ਜਾ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਦਾ 'ਹਿੰਦੂਕਰਣ' ਕਰਨਾ ਦੱਸਦਾ ਹੈ ਕਿ ਕਿਵੇਂ ਆਰ. ਐਸ. ਐਸ. ਵਰਗੀਆਂ ਹਿੰਦੂ ਮੂਲਵਾਦੀ ਅਤੇ ਦਹਿਸ਼ਤਗਰਦ ਜਮਾਤਾਂ ਨੇ ਸਿੱਖ ਹਲਕਿਆਂ ਵਿੱਚ ਸਫਲ ਘੁਸਪੈਠ ਕੀਤੀ ਹੋਈ ਹੈ।
           ਮਲੇਸ਼ੀਆ, ਥਾਈਲੈਂਡ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿੱਚ ਬੈਠੇ ਸਿੱਖਾਂ ਨੂੰ ਵੀ ਝੂਠੇ ਕੇਸਾਂ ਵਿੱਚ ਫਸਾਉਣ ਦਾ ਯਤਨ ਹੋ ਰਿਹਾ ਹੈ। ਕੈਨੇਡਾ ਦੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ, ਭਾਰਤੀ ਅੰਬੈਂਸੀ ਅਤੇ ਕੌਂਸਲੇਟਾਂ ਵਲੋਂ ਸਿੱਧੀ ਦਖਲਅੰਦਾਜ਼ੀ ਜਾਰੀ ਹੈ। ਜਿਹੜੀ ਭਾਰਤ ਦੀ ਜੁਡੀਸ਼ੀਅਰੀ, ਘੱਟਗਿਣਤੀ ਕੌਮਾਂ ਨੂੰ 'ਇਨਸਾਫ' ਦੇਣ ਵਿੱਚ ਸਦਾ ਭਗੌੜੀ ਰਹੀ ਹੈ, ਉਹ ਹਿੰਦੂ ਮੂਲਵਾਦੀ ਦਹਿਸ਼ਤਗਰਦਾਂ ਦੇ ਬਚਾਅ ਲਈ ਪੱਬਾਂ ਭਾਰ ਹੋਈ ਰਹਿੰਦੀ ਹੈ।
          ਯੂਨਾਇਟਿਡ ਨੇਸ਼ਨਜ਼ ਦੇ ਚਾਰਟਰ ਅਨੁਸਾਰ, 'ਸ੍ਵੈ-ਨਿਰਣੇ ਦਾ ਹੱਕ' (ਰਾਈਟ ਟੂ ਸੈਲਫ ਡਿਟਰਮੀਨੇਸ਼ਨ) ਹਰ ਕੌਮ ਦਾ ਮੁੱਢਲਾ ਹੱਕ ਮੰਨਿਆ ਗਿਆ ਹੈ। ਇਸ ਹੱਕ ਦੀ ਵਰਤੋਂ ਕਰਦਿਆਂ, ਸਿੱਖ ਕੌਮ, ਭਾਰਤੀ ਨਕਸ਼ੇ ਦੀ ਕੈਦ ਤੋਂ ਨਿਜਾਤ ਪਾਉਣ ਲਈ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਜ਼ੋਰਦਾਰ ਸੰਘਰਸ਼ ਕਰ ਰਹੀ ਹੈ। ਇਸ ਸੰਘਰਸ਼ ਦੌਰਾਨ, ਭਾਰਤੀ ਜ਼ਾਲਮਤੰਤਰ ਨੇ ਸਾਡੇ ਲੱਖਾਂ ਵੀਰਾਂ-ਭੈਣਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ, ਪਰ ਇਸ ਦੇ ਬਾਵਜੂਦ ਸਾਡੀ ਆਜ਼ਾਦੀ ਦੀ ਤੜਪ ਅਤੇ ਸੰਘਰਸ਼ ਜਾਰੀ ਹੈ।
           'ਆਜ਼ਾਦੀ' ਹਰ ਇੱਕ ਪ੍ਰਾਣੀ, ਕੌਮ ਦਾ ਮੁੱਢਲਾ ਹੱਕ ਹੈ ਅਤੇ ਇਸ ਲਈ ਸੰਘਰਸ਼ਸ਼ੀਲ ਕੌਮਾਂ, ਅਖੀਰ ਆਪਣੇ ਮੁਕਾਮ ਨੂੰ ਜ਼ਰੂਰ ਹਾਸਲ ਕਰ ਲੈਂਦੀਆਂ ਹਨ। 'ਬਾਜ਼ੂ ਏ ਕਾਤਲ' ਅਖੀਰ 'ਸਰਫਰੋਸ਼ੀ' ਦੀ ਤਮੰਨਾ ਵਾਲਿਆਂ ਦੇ ਸਾਹਮਣੇ ਬੇਵੱਸ ਹੋ ਜਾਂਦੀ ਹੈ। ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਹੋ ਸਕਦੇ ਹਨ। ਪਿਛਲੇ ਲਗਭਗ 7 ਦਹਾਕਿਆਂ ਤੋਂ, ਭਾਰਤੀ ਗਣਤੰਤਰ ਵਿਚਲੇ ਤਜ਼ਰਬੇ ਨੇ, ਇਹ ਸਬਕ ਸਾਨੂੰ ਚੰਗੀ ਤਰ੍ਹਾਂ ਯਾਦ ਕਰਵਾ ਦਿੱਤਾ ਹੈ।

© 2011 | All rights reserved | Terms & Conditions