ਅਮਰੀਕਨ ਕਾਂਗਰਸ ਵਿੱਚ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਸੁਣਵਾਈ ! : Dr. Amarjit Singh washington D.C
Submitted by Administrator
Tuesday, 4 February, 2020- 07:55 pm
ਅਮਰੀਕਨ ਕਾਂਗਰਸ ਵਿੱਚ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਸੁਣਵਾਈ !  :  Dr. Amarjit Singh washington D.C

ਯੂਰੋਪੀਅਨ ਪਾਰਲੀਮੈਂਟ ਵਿੱਚ ਉਪਰੋਕਤ ਕਾਨੂੰਨ ਦੇ ਖਿਲਾਫ ਮਤੇ 'ਤੇ ਹੋਵੇਗੀ ਮਾਰਚ ਵਿੱਚ ਸੁਣਵਾਈ!

ਸੀ. ਏ. ਏ. ਦੇ ਖਿਲਾਫ ਨਾਟਕ ਕਰਨ ਵਾਲੇ ਸਕੂਲੀ ਬੱਚਿਆਂ 'ਤੇ ਦੇਸ਼ਧ੍ਰੋਹ ਦਾ ਕੇਸ ਦਰਜ!

* ਇੱਕ ਹਿੰਦੂਤਵੀ ਨੇ 'ਜੈ ਸ੍ਰੀ ਰਾਮ' ਦਾ ਨਾਹਰਾ ਲਾ ਕੇ ਸੀ. ਏ. ਏ. ਦਾ ਵਿਰੋਧ ਕਰ ਰਹੇ ਵਿਖਾਵਾਕਾਰੀਆਂ 'ਤੇ ਦਿੱਲੀ ਵਿੱਚ ਚਲਾਈ ਗੋਲ਼ੀ!

* ਉੱਤਰ ਪ੍ਰਦੇਸ਼ ਵਿੱਚ 'ਆਰ. ਐਸ. ਐਸ. ਫੌਜੀ ਅਕਾਦਮੀ' ਦੀ ਸ਼ੁਰੂਆਤ!

ਅਮਰੀਕਾ ਤੇ ਪਾਕਿਸਤਾਨ ਵਾਂਗ ਭਾਰਤ ਧਰਮ-ਸ਼ਾਸਤ ਦੇਸ਼ (ਥੀਓਕ੍ਰੈਟਿਕ) ਨਾ ਹੋ ਕੇ ਸੈਕੂਲਰ ਦੇਸ਼ ਹੈ - ਰਾਜਨਾਥ ਸਿੰਘ, ਰੱਖਿਆ ਮੰਤਰੀ!

ਵਾਹ ਜੀ ਵਾਹ!

         ਵਾਸ਼ਿੰਗਟਨ (ਡੀ. ਸੀ.) 1 ਫਰਵਰੀ, 2020 - ਭਾਰਤ ਵਲੋਂ ਦਸੰਬਰ-2018 ਵਿੱਚ ਪਾਸ ਕੀਤੇ ਗਏ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਜਿੱਥੇ ਭਾਰਤ ਭਰ ਵਿੱਚ ਵੱਡੇ ਪੈਮਾਨੇ 'ਤੇ ਹੋ ਰਿਹਾ ਹੈ, ਉਥੇ ਇਸ ਦੇ ਨਾਕਾਰਤਮਕ ਪੱਖ ਦੀ ਗੂੰਜ ਅਮਰੀਕਨ ਕਾਂਗਰਸ, ਯੂਰੋਪੀਅਨ ਪਾਰਲੀਮੈਂਟ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਅਕਾਦਮਿਕ ਅਦਾਰਿਆਂ ਵਿੱਚ ਵੀ ਪੈ ਰਹੀ ਹੈ। ਪਿਛਲੇ ਦਿਨੀਂ ਯੂ. ਐਸ. ਕਾਂਗਰਸ ਵਿੱਚ ਇਸ ਸੀ. ਏ. ਏ. ਸਬੰਧੀ ਹੋਈ ਇੱਕ ਸੁਣਵਾਈ ਵਿੱਚ 20 ਤੋਂ ਜ਼ਿਆਦਾ ਕਾਂਗਰਸਮੈਨਾਂ, ਸੱਤ ਸੈਨੇਟਰਾਂ, ਸਟੇਟ ਡਿਪਾਰਟਮੈਂਟ ਅਧਿਕਾਰੀਆਂ ਅਤੇ ਹੋਰ ਉੱਚ-ਅਫਸਰਾਂ ਨੇ ਸ਼ਮੂਲੀਅਤ ਕੀਤੀ। ਵਿਚਾਰ-ਚਰਚਾ ਦਾ ਵਿਸ਼ਾ ਸੀ - 'ਭਾਰਤੀ ਨਾਗਰਿਕਤਾ ਕਾਨੂੰਨ ਦੀਆਂ ਉਲਝਣਾਂ।' ਇਸ ਸਣਵਾਈ ਦੌਰਾਨ, ਭਾਰਤ ਦੇ ਪ੍ਰਮੁੱਖ ਸਮਾਜ ਸੇਵੀ ਅਤੇ ਮੈਗਾਸੇਸੇ ਐਵਾਰਡ ਜੇਤੂ ਸੰਦੀਪ ਪਾਂਡੇ, ਐਮਨੈਸਟੀ ਇੰਟਰਨੈਸ਼ਨਲ ਦੇ ਨੁਮਾਇੰਦੇ, ਹਿਊਮਨ ਰਾਈਟਸ ਵਾਚ ਦੇ ਪ੍ਰਤੀਨਿਧ, ਯੂਨਾਈਟਿਡ ਨੇਸ਼ਨਜ਼ ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਡਾਇਰੈਕਟਰ ਸਮੇਤ ਹੋਰ ਵੀ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।

         ਸੰਦੀਪ ਪਾਂਡੇ ਨੇ ਕਿਹਾ, 'ਪਿਛਲੇ 27 ਸਾਲਾਂ ਤੋਂ ਮੈਂ ਇੱਕ ਸਮਾਜ ਸੇਵੀ ਕਾਰਕੁੰਨ ਹਾਂ। ਪਿਛਲੇ 6 ਮਹੀਨਿਆਂ ਵਿੱਚ ਭਾਰਤ ਵਿੱਚ ਜਿੰਨੀਆਂ ਪਾਬੰਦੀਆਂ ਬੋਲਣ ਦੀ ਆਜ਼ਾਦੀ, ਸ਼ਾਂਤਮਈ ਤੌਰ 'ਤੇ ਇਕੱਠੇ ਹੋਣ ਦੀ ਆਜ਼ਾਦੀ ਅਤੇ ਕਿਤੇ ਵੀ ਆ-ਜਾ ਸਕਣ ਦੀ ਆਜ਼ਾਦੀ 'ਤੇ ਲੱਗੀਆਂ ਹਨ, ਇਵੇਂ ਪਹਿਲਾਂ ਕਦੀ ਭਾਰਤ ਵਿੱਚ ਨਹੀਂ ਹੋਇਆ। ਮੌਜੂਦਾ ਸਰਕਾਰ ਉਨ੍ਹਾਂ ਸਭ ਲੋਕਾਂ ਨੂੰ ਦੁਸ਼ਮਣ ਸਮਝ ਕੇ ਵਿਹਾਰ ਕਰ ਰਹੀ ਹੈ, ਜਿਹੜੇ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅਵਾਜ਼ ਬੁਲੰਦ ਕਰ ਰਹੇ ਹਨ।'

         ਐਮਨੈਸਟੀ ਇੰਟਰਨੈਸ਼ਨਲ ਦੇ ਨੁਮਾਇੰਦੇ ਫਰੈਂਸਿਸਕੋ ਬੈਨਕੋਸਮੇ ਦਾ ਕਹਿਣਾ ਸੀ, 'ਭਾਰਤ ਸੀ. ਏ. ਏ. ਨੂੰ ਵਾਪਸ ਲਵੇ ਅਤੇ ਵਿਖਾਵਾਕਾਰੀਆਂ 'ਤੇ ਕੀਤਾ ਜਾ ਰਿਹਾ ਤਸ਼ੱਦਦ ਬੰਦ ਕੀਤਾ ਜਾਵੇ।' ਹਿਊਮਨ ਰਾਈਟਸ ਵਾਚ ਦੇ ਡਾਇਰੈਕਟਰ ਜੌਹਨ ਸਟੀਫਨ ਅਤੇ ਹਾਵਰਡ ਯੂਨੀਵਰਸਿਟੀ ਸਕੂਲ ਆਫ ਲਾਅ ਦੇ ਪ੍ਰੋਫੈਸਰ ਵਾਰਿਸ ਹਸਨ ਨੇ ਐਮਨੈਸਟੀ ਇੰਟਰਨੈਸ਼ਨਲ ਦੇ ਸਟੈਂਡ ਦੀ ਮੁਕੰਮਲ ਹਮਾਇਤ ਕਰਦਿਆਂ, ਭਾਰਤ ਸਰਕਾਰ ਨੂੰ ਜਵਾਬਦੇਹ ਬਣਾਉਣ ਦੀ ਮੰਗ ਕੀਤੀ। ਯੂਨਾਈਟਿਡ ਸਟੇਟਸ ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਹੈਰੀਸਨ ਐਕਿਨਸ ਨੇ ਕਿਹਾ, 'ਸੀ. ਏ. ਏ. ਲਾਗੂ ਹੋਣ ਤੋਂ ਬਾਅਦ ਭਾਰਤ ਵਿਚਲੇ ਸਭ ਧਾਰਮਿਕ ਫਿਰਕਿਆਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤੀ ਸ਼ਹਿਰੀਆਂ ਵਲੋਂ ਸ਼ਾਂਤਮਈ ਵਿਖਾਵੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਰੋਕਣ ਲਈ ਤਾਕਤ ਦੀ ਅਯੋਗ ਵਰਤੋਂ ਕੀਤੀ ਜਾ ਰਹੀ ਹੈ। ਹਾਲ ਦੇ ਸਮੇਂ ਵਿੱਚ, ਭਾਰਤ ਵਿੱਚ ਘੱਟਗਿਣਤੀਆਂ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ।'

         ਯਾਦ ਰਹੇ ਅਮਰੀਕਨ ਕਾਂਗਰਸ ਵਿੱਚ ਹੋਈ ਇਹ ਸੁਣਵਾਈ ਬੜੀ ਅਹਿਮੀਅਤ ਰੱਖਦੀ ਹੈ। ਹੁਣ ਦੇਖਣਾ ਇਹ ਹੈ ਕਿ ਯੂ. ਐਸ. ਕਾਂਗਰਸ ਵਲੋਂ ਇਸ 'ਤੇ ਅੱਗੋਂ ਕੀ ਫੌਲੋ-ਅੱਪ ਕੀਤਾ ਜਾਂਦਾ ਹੈ। ਯੂਰੋਪੀਅਨ ਪਾਰਲੀਮੈਂਟ 27 ਯੂਰਪੀਅਨ ਦੇਸ਼ਾਂ ਦੀ ਨੁਮਾਇੰਦਗੀ ਕਰਦੀ ਹੈ। ਇਸ ਪਾਰਲੀਮੈਂਟ ਦੇ ਕੁੱਲ 751 ਮੈਂਬਰ ਹਨ। ਪਿਛਲੇ ਦਿਨੀਂ ਇਸ ਪਾਰਲੀਮੈਂਟ ਵਿੱਚ ਉਪਰੋਥਲੀ 6 ਮਤੇ ਸੀ. ਏ. ਏ. ਅਤੇ ਕਸ਼ਮੀਰ ਨੀਤੀ ਵਿਰੁੱਧ ਆਏ, ਜਿਨ੍ਹਾਂ ਨੂੰ 600 ਦੇ ਲਗਭਗ ਮੈਂਬਰਾਂ ਦੀ ਹਮਾਇਤ ਹਾਸਲ ਸੀ। ਭਾਰਤੀ ਲਾਬਿਸਟਾਂ ਨੂੰ ਵਖਤ ਪੈ ਗਿਆ ਕਿਉਂਕਿ ਮਾਰਚ ਦੇ ਆਰੰਭ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਯੂਰੋਪੀਅਨ ਪਾਰਲੀਮੈਂਟ ਵਿੱਚ ਆਉਣਾ ਹੈ। ਛੇਕੜਲੀਆਂ ਖਬਰਾਂ ਅਨੁਸਾਰ, ਹੁਣ ਇਨ੍ਹਾਂ ਮਤਿਆਂ ਨੂੰ ਇੱਕ ਮਤੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ 'ਤੇ ਮਾਰਚ ਦੇ ਅਖੀਰਲੇ ਹਫਤੇ ਵਿਚਾਰ ਚਰਚਾ ਹੋਣੀ ਹੈ। ਮਤੇ ਅੱਗੇ ਪਾਉਣ ਦੇ ਖਿਲਾਫ 199 ਮੈਂਬਰਾਂ ਨੇ ਵੋਟ ਪਾਈ ਤੇ ਕਿਹਾ ਕਿ ਅੱਜ ਹੀ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਪਰ 271 ਮੈਂਬਰਾਂ ਦੀ ਬਹੁਗਿਣਤੀ ਨੇ ਮਾਰਚ ਵਿੱਚ ਵਿਚਾਰ ਕਰਨਾ ਮੰਨ ਲਿਆ।
          ਉਪਰੋਕਤ ਦੋਵੇਂ ਖਬਰਾਂ ਦੱਸਦੀਆਂ ਹਨ ਕਿ ਭਾਰਤ ਦਾ ਹੁਣ ਅੰਤਰਰਾਸ਼ਟਰੀ ਇਮੇਜ 'ਗਾਂਧੀਵਾਦੀ' ਨਾ ਹੋ ਕੇ 'ਨਾਜ਼ੀਵਾਦੀ' ਬਣਦਾ ਜਾ ਰਿਹਾ ਹੈ। 'ਇੰਡੀਅਨ ਐਕਸਪ੍ਰੈਸ' ਦੀ ਇੱਕ ਖਬਰ ਅਨੁਸਾਰ ਕਰਨਾਟਕ ਦੇ ਇੱਕ ਸਕੂਲ ਵਿੱਚ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਨਾਟਕ ਖੇਡਿਆ, ਜਿਸ ਦਾ ਵਿਸ਼ਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਸੀ। ਨੀਲੇਸ ਨਾਂ ਦੇ ਇਅਕ ਵਿਅਕਤੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਸਕੂਲ ਦੇ ਪ੍ਰਬੰਧਕਾਂ ਅਤੇ 9 ਸਾਲ ਦੀ ਉਮਰ ਦੇ ਬੱਚਿਆਂ ਦੇ ਖਿਲਾਫ ਧਾਰਾ-124 ਏ ਅਤੇ 504 ਦੇ ਤਹਿਤ ਦੇਸ਼ਧ੍ਰੋਹ ਦਾ ਕੇਸ ਰਜਿਸਟਰ ਕਰ ਲਿਆ ਹੈ। ਕੀ ਇਹ ਨਾਜ਼ੀ-ਸਟੇਟ ਵਾਲਾ ਵਰਤਾਰਾ ਨਹੀਂ ਹੈ?

         ਦਿੱਲੀ ਦੇ ਸ਼ਾਹੀਨ ਬਾਗ ਅਤੇ ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ ਸੀ. ਏ. ਏ. ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਹਨ। ਬੀਤੇ ਦਿਨੀਂ ਇੱਕ ਹਥਿਆਰਬੰਦ ਵਿਅਕਤੀ ਸ਼ਾਹੀਨ ਬਾਗ ਦੀ ਸਟੇਜ 'ਤੇ ਚੜ੍ਹ ਗਿਆ ਅਤੇ ਉਸ ਨੇ ਹਥਿਆਰ ਲਹਿਰਾ ਕੇ ਲੋਕਾਂ ਨੂੰ ਪ੍ਰੋਟੈਸਟ ਖਤਮ ਕਰਨ ਦੀ ਧਮਕੀ ਦਿੱਤੀ। ਵਿਖਾਵਾਕਾਰੀਆਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਇੱਕ ਤਾਜ਼ਾ ਖਬਰ ਅਨੁਸਾਰ ਜਾਮੀਆ ਮਿਲੀਆ ਯੂਨੀਵਰਿਸਟੀ ਦੇ ਬਾਹਰ ਸ਼ਾਂਤਮਈ ਵਿਰੋਧ ਕਰ ਰਹੇ ਵਿਦਿਆਰਥੀਆਂ 'ਤੇ ਇੱਕ ਹਿੰਦੂਤਵੀ ਰਾਮਭਗਤ ਗੋਪਾਲ ਨੇ ਗੋਲ਼ੀ ਚਲਾਈ, ਜਿਸ ਨਾਲ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ। ਉਸ ਨੇ ਗੋਲ਼ੀ ਚਲਾਉਣ ਤੋਂ ਪਹਿਲਾਂ 'ਜੈ ਸ੍ਰੀ ਰਾਮ' ਦੇ ਨਾਹਰੇ ਵੀ ਲਾਏ। ਪੁਲਿਸ ਇਸ ਘਟਨਾਕ੍ਰਮ ਨੂੰ ਮੂਕ-ਦਰਸ਼ਕ ਬਣ ਕੇ ਦੇਖਦੀ ਰਹੀ। ਹਮਲਾਵਰ ਨਾਲ ਦੀ ਨਾਲ ਫੇਸਬੁਕ 'ਤੇ ਵੀ ਅੱਪਡੇਟ ਕਰਦਾ ਰਿਹਾ। ਉਸ ਨੇ ਆਪਣੀ ਪੋਸਟ ਵਿੱਚ ਲਿਖਿਆ - 'ਸ਼ਾਹੀਨ ਬਾਗ ਦਾ ਖੇਲ ਖਤਮ!' ਦਿੱਲੀ ਪੁਲਿਸ ਦੇ ਨਾਕਾਰਤਮਕ ਰੋਲ ਦੀ ਚਾਰੇ ਪਾਸਿਉਂ ਨਿੰਦਾ ਹੋ ਰਹੀ ਹੈ।

          ਭਾਰਤੀ ਫੌਜ ਦੀ ਕਮਾਂਡ ਇਸ ਵੇਲੇ ਜਨਰਲ ਬਿਪਿਨ ਰਾਵਤ, ਜਨਰਲ ਨਰਵਾਨੇ ਵਰਗੇ ਹਿੰਦੂਤਵੀ ਸੋਚ ਦੇ ਮਾਲਕਾਂ ਕੋਲ ਹੈ, ਜਿਹੜੇ ਕਿ ਹਿੰਦੂਤਵੀ ਵਿਚਾਰਕ ਅਜੀਤ ਡੋਵਲ ਦੇ ਖਾਸਮਖਾਸ ਹਨ। ਪਰ ਇਉਂ ਜਾਪਦਾ ਹੈ ਆਰ. ਐਸ. ਐਸ. ਵਲੋਂ ਹਿੰਦੂਤਵੀ ਸਿੱਖਿਆ-ਦੀਖਿਆ ਵਾਲੇ ਫੌਜੀ ਅਫਸਰਾਂ ਨੂੰ ਤਿਆਰ ਕਰਨ ਦਾ ਪ੍ਰਾਜੈਕਟ ਵਿੱਢ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਯੂ. ਪੀ. ਦੇ ਬੁਲੰਦਪੁਰ ਸ਼ਹਿਰ ਵਿੱਚ, ਅਪ੍ਰੈਲ ਮਹੀਨੇ ਤੋਂ ਇੱਕ 'ਆਰ. ਐਸ. ਐਸ. ਆਰਮੀ ਸਕੂਲ' ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਨਾਂ 'ਰਾਜੂ ਭੱਯਾ ਸੈਨਿਕ ਵਿਦਿਆ ਮੰਦਰ' ਹੋਵੇਗਾ! ਯਾਦ ਰਹੇ ਰਾਜੂ ਭੱਯਾ ਸਾਬਕਾ ਆਰ. ਐਸ. ਐਸ. ਮੁਖੀ ਸਨ। ਇਸ ਸਕੂਲ ਦੀ ਬਿਲਡਿੰਗ ਤਿਆਰ ਹੋ ਚੁੱਕੀ ਹੈ ਅਤੇ ਇਸ ਵਿੱਚ ਕੁੱਲ 160 ਸੀਟਾਂ ਹੋਣਗੀਆਂ। ਦਾਖਲਾ 6ਵੀਂ ਜਮਾਤ ਤੋਂ ਹੋਵੇਗਾ। ਸਕੂਲ ਸੰਸਥਾਪਕ ਕਰਨਲ ਸ਼ਿਵ ਪ੍ਰਤਾਪ ਸਿੰਘ ਅਨੁਸਾਰ, 'ਅਸੀਂ ਐਨ. ਡੀ. ਏ., ਨੇਵਲ ਅਕੈਡਮੀ ਅਤੇ ਭਾਰਤੀ ਫੌਜ ਦੇ ਟੈਕਨੀਕਲ ਇਮਤਿਹਾਨਾਂ ਲਈ ਵਿਦਿਆਰਥੀ ਤਿਆਰ ਕਰਾਂਗੇ। ਇਸ ਸਕੂਲ ਵਿੱਚ ਜਾਤ ਆਧਾਰਿਤ ਕੋਈ ਰਿਜ਼ਰਵੇਸ਼ਨ ਨਹੀਂ ਹੋਵੇਗੀ। ਸਕੂਲ ਦਾ ਪ੍ਰਿੰਸੀਪਲ ਆਰ. ਐਸ. ਐਸ. ਦੇ ਵਿੱਦਿਅਕ ਵਿੰਗ -ਵਿੱਦਿਆ ਭਾਰਤੀ ਵਲੋਂ ਨਿਯੁਕਤ ਕੀਤਾ ਜਾਵੇਗਾ।' ਪਾਠਕਜਨ! ਇਹ ਹਿੰਦੂਤਵੀ ਫੌਜ ਦੀ ਗਰਾਊਂਡ ਪੱਧਰ ਤੋਂ ਸ਼ੁਰੂਆਤ ਹੈ।

         ਪਿਛਲੇ ਦਿਨੀਂ ਐਨ. ਸੀ. ਸੀ. ਰੀਪਬਲਿਕ ਡੇਅ ਕੈਂਪ ਦਿੱਲੀ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਨ ਵਿੱਚ ਇੱਕ ਵੱਡਾ ਇੰਕਸ਼ਾਫ ਕਰਦਿਆਂ ਕਿਹਾ, 'ਅਸੀਂ ਭਾਰਤ ਵਿੱਚ ਕਿਸੇ ਨਾਲ ਧਰਮ ਆਧਾਰਿਤ ਵਿਤਕਰਾ ਨਹੀਂ ਕਰਦੇ ਕਿਉਂਕਿ ਹਿੰਦੂ ਧਰਮ ਦੁਨੀਆਂ ਦੇ ਹਰ ਇਨਸਾਨ ਨੂੰ ਇੱਕ ਪਰਿਵਾਰ ਸਮਝਦਾ ਹੈ। ਸਾਡੇ ਗਵਾਂਢੀ ਦੇਸ਼ ਪਾਕਿਸਤਾਨ ਦਾ ਧਰਮ ਇਸਲਾਮ ਹੈ। ਇੱਥੋਂ ਤੱਕ ਕਿ ਅਮਰੀਕਾ ਵੀ ਇੱਕ ਧਰਮ-ਆਧਾਰਿਤ ਦੇਸ਼ (ਥੀਓਕ੍ਰੈਟਿਕ ਸਟੇਟ) ਹੈ। ਦੁਨੀਆਂ ਦੇ ਨਕਸ਼ੇ 'ਤੇ ਇੱਕੋ-ਇੱਕ ਭਾਰਤ ਦੇਸ਼ ਹੀ ਸਹੀ ਅਰਥਾਂ ਵਿੱਚ ਸੈਕੂਲਰ ਦੇਸ਼ ਹੈ।' ਰਾਜਨਾਥ ਸਿੰਘ ਇਸ ਇੰਕਸ਼ਾਫ ਲਈ ਵਧਾਈ ਦੇ ਹੱਕਦਾਰ ਹਨ। ਪੰਜਾਬੀ ਦਾ ਇਹ ਅਖਾਣ ਬਾ-ਮਾਅਨੇ ਹੈ -

ਰੋਟੀ ਖਾਵੋ ਸ਼ੱਕਰ ਨਾਲ

ਦੁਨੀਆਂ ਲੁੱਟੋ ਮੱਕਰ ਨਾਲ !

© 2011 | All rights reserved | Terms & Conditions