'ਅਮਰੀਕੀ ਪ੍ਰਧਾਨ ਟਰੰਪ ਦੀ ਪ੍ਰਸਤਾਵਿਤ ਭਾਰਤ ਫੇਰੀ ਦਾ ਪਿਛੋਕੜ ਤੇ ਮਕਸਦ' : Dr. Amarjit Singh washington D.C
Submitted by Administrator
Friday, 14 February, 2020- 03:58 pm
'ਅਮਰੀਕੀ ਪ੍ਰਧਾਨ ਟਰੰਪ ਦੀ ਪ੍ਰਸਤਾਵਿਤ ਭਾਰਤ ਫੇਰੀ ਦਾ ਪਿਛੋਕੜ ਤੇ ਮਕਸਦ' :  Dr. Amarjit Singh washington D.C

         ਵਾਈਟ ਹਾਊਸ ਵਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ, ਅਮਰੀਕਾ ਦੇ ਪ੍ਰਧਾਨ ਟਰੰਪ 24 ਤੇ 25 ਫਰਵਰੀ ਨੂੰ ਦੋ ਰੋਜ਼ਾ ਦੌਰੇ 'ਤੇ ਭਾਰਤ ਜਾ ਰਹੇ ਹਨ। ਇਸ ਦੌਰਾਨ ਉਹ ਦਿੱਲੀ ਅਤੇ ਅਹਿਮਦਾਬਾਦ ਜਾਣਗੇ। ਟਰੰਪ ਦੇ ਨਾਲ ਫਸਟ ਲੇਡੀ ਮੈਲਾਨੀਆ ਟਰੰਪ ਵੀ ਜਾ ਰਹੇ ਹਨ। ਅਹਿਮਦਾਬਾਦ ਵਿੱਚ ਉਹ ਨਵੇਂ ਬਣੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਵਿੱਚ ਕਰੀਬ ਇੱਕ ਲੱਖ ਦੇ ਇਕੱਠ ਨੂੰ ਸੰਬੋਧਨ ਕਰਨਗੇ। ਟਰੰਪ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਗੱਲਬਾਤ ਕਰਦਿਆਂ ਕਿਹਾ, 'ਮੇਰੇ ਦੋਸਤ ਮੋਦੀ ਨੇ ਮੈਨੂੰ ਦੱਸਿਆ ਹੈ ਕਿ ਮੇਰੀ ਭਾਰਤ ਫੇਰੀ 'ਤੇ ਲੱਖਾਂ ਹੀ ਲੋਕ ਮੇਰਾ ਸਵਾਗਤ ਕਰਨਗੇ। ਮੈਂ ਲੱਖਾਂ ਲੋਕਾਂ ਦੇ ਇਕੱਠ ਨੂੰ ਵੇਖਣ ਲਈ ਬੜਾ ਉਤਸ਼ਾਹਿਤ ਹਾਂ। ਹੁਣ ਤੱਕ ਮੈਂ 50 ਹਜ਼ਾਰ ਦੇ ਇਕੱਠ ਨੂੰ ਹੀ ਸੰਬੋਧਨ ਕੀਤਾ ਹੈ। ਮੋਦੀ ਨੇ ਮੈਨੂੰ ਦੱਸਿਆ ਕਿ ਏਅਰਪੋਰਟ ਤੋਂ ਸਟੇਡੀਅਮ ਤੱਕ ਮੇਰੇ ਸਵਾਗਤ ਲਈ 50 ਲੱਖ ਤੋਂ 70 ਲੱਖ ਲੋਕ ਹੋਣਗੇ...।' ਮੋਦੀ ਨੇ ਪ੍ਰਧਾਨ ਟਰੰਪ ਦੀ ਭਾਰਤ ਫੇਰੀ ਨੂੰ ਲੈ ਕੇ ਟਵੀਟ ਵਿੱਚ ਕਿਹਾ ਹੈ, 'ਟਰੰਪ ਦੀ ਫੇਰੀ ਨੂੰ ਲੈ ਕੇ ਮੈਨੂੰ ਬਹੁਤ ਚਾਅ ਚੜ੍ਹਿਆ ਹੈ। ਅਮਰੀਕਾ ਤੇ ਭਾਰਤ ਵਿਚਕਾਰ ਲੋਕਤੰਤਰ ਅਤੇ ਅਨੇਕਤਾਵਾਦ (ਪਲੂਰਲਿਜ਼ਮ) ਦੀ ਬੜੀ ਡੂੰਘੀ ਸਾਂਝ ਹੈ...।'
          ਪ੍ਰਧਾਨ ਟਰੰਪ ਦੀ ਆਪਣੇ ਕਾਰਜਕਾਲ ਦੇ ਅਖੀਰਲੇ ਵਰ੍ਹੇ ਵਿੱਚ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਟਰੰਪ ਏਸ਼ੀਆ ਦੇ ਦੇਸ਼ਾਂ- ਚੀਨ, ਵੀਅਤਨਾਮ, ਫਿਲਪੀਨਜ਼, ਜਪਾਨ, ਨਾਰਥ ਕੋਰੀਆ ਆਦਿ ਦੀ ਯਾਤਰਾ ਕਰ ਚੁੱਕੇ ਹਨ। ਕੁਝ ਹਫ਼ਤੇ ਪਹਿਲਾਂ ਪ੍ਰਧਾਨ ਟਰੰਪ ਸਵਿਟਜ਼ਰਲੈਂਡ ਦੇ ਡੈਵੋਸ ਸ਼ਹਿਰ ਵਿਖੇ ਵਰਲਡ ਇਕਨੌਮਿਕ ਫੋਰਮ ਦੀ ਮੀਟਿੰਗ ਵਿੱਚ ਗਏ ਸਨ, ਜਿੱਥੇ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਸੀ। ਆਪਣੇ ਕਾਰਜਕਾਲ ਦੌਰਾਨ ਟਰੰਪ ਮੋਦੀ ਨੂੰ ਅਮਰੀਕਾ ਵਿੱਚ ਪਹਿਲਾਂ 2-3 ਵਾਰ ਮਿਲ ਚੁੱਕੇ ਹਨ। ਸਤੰਬਰ ਮਹੀਨੇ ਵਿੱਚ, ਹਿਊਸਟਨ, ਟੈਕਸਾਸ ਵਿੱਚ 'ਹੋਡੀ ਮੋਦੀ' ਨਾਂ ਹੇਠ ਕੀਤੇ ਗਏ 50 ਹਜ਼ਾਰ ਦੇ ਇਕੱਠ ਵਿੱਚ ਟਰੰਪ ਤੇ ਮੋਦੀ ਨੇ ਸਟੇਜ ਸਾਂਝੀ ਕੀਤੀ ਸੀ। ਅਮਰੀਕੀ ਪ੍ਰਧਾਨ ਟਰੰਪ ਨੇ ਅਮਰੀਕਾ ਵਿੱਚ ਦੋ ਵਾਰ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਦੀ ਮੁਲਾਕਾਤ ਕੀਤੀ ਹੈ। ਪਹਿਲੀ ਵਾਰ ਵਾਈਟ ਹਾਊਸ ਵਿਖੇ ਅਤੇ ਦੂਸਰੀ ਵਾਰ ਸਤੰਬਰ ਵਿੱਚ ਯੂ. ਐਨ. ਜਨਰਲ ਅਸੈਂਬਲੀ ਦੇ ਸੈਸ਼ਨ ਦੌਰਾਨ ਇੱਕ ਹੋਟਲ ਵਿੱਚ। ਟਰੰਪ ਨੇ ਸਮੇਂ ਸਮੇਂ ਮੋਦੀ ਤੇ ਇਮਰਾਨ ਖਾਨ ਦੋਹਾਂ ਨੂੰ ਹੀ 'ਮੇਰਾ ਦੋਸਤ' ਅਤੇ 'ਸ਼ਰੀਫ ਆਦਮੀ' (ਜੈਂਟਲਮੈਨ) ਦੱਸਿਆ ਹੈ।
          ਪ੍ਰਧਾਨ ਟਰੰਪ ਦੀ ਭਾਰਤ ਫੇਰੀ ਦੀ 'ਟਾਈਮਿੰਗ (ਸਮੇਂ) ਅਤੇ ਏਜੰਡੇ ਨੂੰ ਲੈਕੇ ਕਾਫੀ ਚੁੰਝ-ਚਰਚਾ ਹੋ ਰਹੀ ਹੈ। ਪ੍ਰਧਾਨ ਟਰੰਪ ਨੂੰ ਅਮਰੀਕੀ ਕਾਂਗਰਸ ਵਲੋਂ ਮਹਾਂਅਭੀਯੋਗ ਚਲਾ ਕੇ ਦੋਸ਼ੀ ਗਰਦਾਨਿਆ ਜਾ ਚੁੱਕਾ ਹੈ (ਇਮਪੀਚ) ਜਦੋਂਕਿ ਅਮਰੀਕੀ ਸੈਨੇਟ ਨੇ ਉਸਨੂੰ ਬਰੀ ਕਰ ਦਿੱਤਾ ਹੈ। ਪਰ ਟਰੰਪ ਨੂੰ ਅਮਰੀਕਨ ਵੋਟਰਾਂ ਵਿੱਚ ਲੋਕਪ੍ਰਿਅਤਾ ਵਿੱਚ ਕੋਈ ਫਰਕ ਨਹੀਂ ਪਿਆ ਹੈ। ਟਰੰਪ, ਪ੍ਰਧਾਨਗੀ ਪਦ ਲਈ ਦੋਬਾਰਾ ਮੈਦਾਨ ਵਿੱਚ ਹਨ - ਜਿਹੜੀ ਚੋਣ ਕਿ ਨਵੰਬਰ 2020 ਵਿੱਚ ਹੋਣੀ ਹੈ। ਟਰੰਪ ਦੇ ਪਹਿਲੇ ਚੋਣ ਮੈਨੀਫੈਸਟੋ ਵਿੱਚ 'ਪਹਿਲਾਂ ਅਮਰੀਕਾ, ਵਪਾਰਕ ਸਮਝੌਤਿਆਂ ਨੂੰ ਨਵੇਂ ਸਿਰਿਓਂ ਅਮਰੀਕਨ ਹਿੱਤ ਵਿੱਚ ਕਰਨਾ, ਇਸਲਾਮਿਕ ਵਿਰੋਧ, ਇੰਮੀਗਰੇਸ਼ਨ ਦੀ ਸਖਤ ਨੀਤੀ, ਮੈਕਸੀਕੋ ਬਾਰਡਰ 'ਤੇ ਕੰਧ ਬਣਾਉਣੀ ਅਤੇ ਇਰਾਕ-ਅਫਗਾਨਿਸਤਾਨ 'ਚੋਂ ਫੌਜ ਵਾਪਸ ਕੱਢਣੀ, ਪਾਕਿਸਤਾਨ ਦੀ ਦਹਿਸ਼ਤਗਰਦ ਪੁਸ਼ਤ-ਪਨਾਹ ਵਰਗੇ ਮੁੱਦੇ ਸਨ। ਅਮਰੀਕਾ ਦਾ ਭਾਰਤ ਪ੍ਰਤੀ ਝੁਕਾਅ ਜੂਨੀਅਰ ਬੁਸ਼ ਅਤੇ ਫੇਰ ਓਬਾਮਾ ਵੇਲੇ ਵੀ ਰਿਹਾ ਹੈ ਪਰ ਟਰੰਪ ਦੇ ਕਾਰਜਕਾਲ ਦੌਰਾਨ ਇਹ ਹੋਰ ਵੀ ਪੀਡਾ ਹੋਇਆ ਹੈ। ਭਾਰਤ ਦੀ ਇਜ਼ਰਾਈਲ ਪ੍ਰਤੀ ਨੀਤੀ ਵਿੱਚ ਵੀ ਬਹੁਤ ਤਬਦੀਲੀ ਆਈ, ਜਿਸ ਨਾਲ ਅਮਰੀਕਾ-ਇਜ਼ਰਾਈਲ ਦੋਵੇਂ ਭਾਰਤ ਦੇ ਖੇਮੇ ਵਿੱਚ ਭੁਗਤਣ ਲੱਗੇ।
       ਅਮਰੀਕਾ-ਭਾਰਤ ਰਿਸ਼ਤਿਆਂ ਵਿੱਚ ਵਪਾਰਕ ਟੈਕਸ ਨੂੰ ਲੈ ਕੇ ਕੁੜੱਤਣ ਆਈ, ਜਿਹੜੀ ਅਜੇ ਵੀ ਜਾਰੀ ਹੈ। ਟਰੰਪ ਵਲੋਂ ਇਸ਼ਾਰਾ ਦਿੱਤਾ ਗਿਆ ਹੈ ਕਿ ਉਸ ਦੇ ਭਾਰਤ ਦੌਰੇ ਦੌਰਾਨ 'ਵਪਾਰਕ ਸਮਝੌਤੇ' 'ਤੇ ਦਸਤਖਤ ਕੀਤੇ ਜਾ ਸਕਦੇ ਹਨ। ਮੋਦੀ ਸਰਕਾਰ ਅਮਰੀਕਾ ਅਤੇ ਇਜ਼ਰਾਈਲ ਤੋਂ ਕਾਫੀ ਧਨ ਖਰਚ ਕੇ ਹਥਿਆਰ ਖਰੀਦ ਰਹੀ ਹੈ। ਟਰੰਪ ਦੀ ਭਾਰਤ ਫੇਰੀ ਦੌਰਾਨ, ਫੌਜੀ ਹੈਲੀਕਾਪਟਰ ਖਰੀਦਣ ਦੇ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਜਾਣੇ ਹਨ। ਅਮਰੀਕਨ ਕੰਪਨੀ 'ਲਾਕਹੀਡ ਮਾਰਟਿਨ' ਦੇ ਬਣੇ ਇਹ ਹੈਲੀਕਾਪਟਰ ਢਾਈ ਬਿਲੀਅਨ ਡਾਲਰ ਤੋਂ ਜ਼ਿਆਦਾ ਧਨ ਰਾਸ਼ੀ ਨਾਲ ਖਰੀਦੇ ਜਾ ਰਹੇ ਹਨ। ਸੋ ਉਪਰੋਕਤ ਸਮਝੌਤਿਆ ਦੀ ਆੜ ਵਿੱਚ ਟਰੰਪ ਆਪਣੀ 'ਵਪਾਰਕ ਨੀਤੀ ਦੀ ਸਫਲਤਾ' ਦੀ ਡੌਂਡੀ ਪਿੱਟ ਸਕਦਾ ਹੈ। ਯਾਦ ਰਹੇ ਕੁਝ ਸਮਾਂ ਪਹਿਲਾਂ ਟਰੰਪ ਨੇ ਭਾਰਤ ਦਾ ਮਜ਼ਾਕ ਉਡਾਉਂਦਿਆਂ ਭਾਰਤ ਨੂੰ 'ਟੈਰਿਫ ਕਿੰਗ ਆਫ ਦੀ ਵਰਲਡ' ਕਹਿ ਕੇ ਛੁਟਿਆਇਆ ਸੀ। ਵੈਸੇ ਟਰੰਪ ਅਤੇ ਉਸ ਦੇ ਜਵਾਈ ਵਲੋਂ ਪਿਛਲੇ ਵਰ੍ਹਿਆਂ ਵਿੱਚ 'ਪੂੰਜੀ ਨਿਵੇਸ਼' ਵੀ ਕੀਤਾ ਗਿਆ ਹੈ। ਇਹ ਪ੍ਰਾਜੈਕਟ ਟਰੰਪ ਟਾਵਰ ਸਟਾਈਲ ਦੇ ਹੀ ਹਨ। ਰੂਸ ਤੇ ਯੂਕਰੇਨ ਦੀ 'ਸੌਦੇਬਾਜ਼ੀ' ਵਾਂਗ ਭਾਰਤੀ ਹਾਕਮਾਂ ਨਾਲ ਵੀ ਇਸ ਕਿਸਮ ਦੀ ਸਾਂਝ ਭਿਆਲੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
        ਮੋਦੀ ਸਰਕਾਰ ਲਈ ਟਰੰਪ ਦੌਰਾ ਇੱਕ 'ਵੱਡੀ ਰਾਹਤ' ਸਾਬਤ ਹੋ ਸਕਦਾ ਹੈ। ਕਸ਼ਮੀਰ ਨੀਤੀ, ਸੀ. ਏ. ਏ., ਐਨ. ਆਰ. ਪੀ., ਐਨ. ਆਰ. ਸੀ. ਵਰਗੇ ਮੁੱਦਿਆਂ 'ਤੇ ਦੁਨੀਆਂ ਭਰ ਵਿੱਚ ਮੋਦੀ ਸਰਕਾਰ ਦੀ ਤੋਇ-ਤੋਇ ਹੋ ਰਹੀ ਹੈ। ਕੋਈ ਆਸ ਨਹੀਂ ਕਰਨੀ ਚਾਹੀਦੀ ਕਿ ਟਰੰਪ ਇਨ੍ਹਾਂ ਮੁੱਦਿਆਂ 'ਤੇ ਮੋਦੀ ਸਰਕਾਰ ਦੀ ਕੋਈ ਅਲੋਚਨਾ ਕਰੇਗਾ। ਇਸ ਦੇ ਉਲਟ ਅਮਰੀਕੀ ਪ੍ਰਧਾਨ ਇਨ੍ਹਾਂ ਸਭ ਨੂੰ ਭਾਰਤ ਦੇ 'ਅੰਦਰੂਨੀ ਮਸਲੇ' ਦੇ ਖਾਤੇ ਵਿੱਚ ਹੀ ਪਾਵੇਗਾ। ਹਾਲਾਂਕਿ ਅਤੀਤ ਵਿੱਚ ਟਰੰਪ ਨੇ ਤਿੰਨ ਵਾਰ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਪਰ ਇਹ ਸਭ ਇੱਕ ਛਲਾਵਾ ਹੀ ਸੀ। ਇਉਂ ਜਾਪਦਾ ਹੈ ਕਿ ਮੋਦੀ ਸਰਕਾਰ ਨੇ ਆਪਣੀ ਕਸ਼ਮੀਰ ਨੀਤੀ, ਅਮਰੀਕੀ ਪ੍ਰਵਾਨਗੀ ਨਾਲ ਹੀ ਲਾਗੂ ਕੀਤੀ ਹੈ। ਚੀਨ ਫੈਕਟਰ ਨੂੰ ਮੱਦੇਨਜ਼ਰ ਰੱਖਦਿਆਂ, ਅਮਰੀਕਾ ਭਾਰਤ ਨੂੰ ਪਤਿਆਉਣ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੈ।
        ਇਸ ਪਿਛੋਕੜ ਵਿੱਚ ਟਰੰਪ ਦੀ ਯਾਤਰਾ, ਭਾਰਤੀ ਨਕਸ਼ੇ ਵਿੱਚ ਕੈਦ ਘੱਟਗਿਣਤੀਆਂ -ਮੁਸਲਮਾਨਾਂ, ਸਿੱਖਾਂ, ਇਸਾਈਆਂ, ਦਲਿਤਾਂ ਲਈ ਕੋਈ ਖੈਰ ਦੀ ਖਬਰ ਨਹੀਂ ਹੈ। ਇਸ ਨਾਲ ਫਾਸ਼ੀਵਾਦੀ ਹਿੰਦੂਤਵੀਆਂ ਦੇ ਹੌਂਸਲੇ ਹੋਰ ਵੀ ਬੁਲੰਦ ਹੋਣਗੇ। 'ਸਿੱਖਸ ਫਾਰ ਜਸਟਿਸ' ਨੇ ਸਿੱਖ ਨੁਕਤਾਨਿਗਾਹ ਦੇ ਮੱਦੇਨਜ਼ਰ 18 ਫਰਵਰੀ ਨੂੰ ਵਾਈਟ ਹਾਊਸ ਦੇ ਸਾਹਮਣੇ ਇੱਕ ਮੀਡੀਆ ਕਾਨਫਰੰਸ ਤੇ ਰੈਲੀ ਦਾ ਆਯੋਜਨ ਕੀਤਾ ਹੈ। ਇਸ ਸਬੰਧੀ ਵਾਈਟ ਹਾਊਸ ਨੂੰ ਇੱਕ ਪਟੀਸ਼ਨ ਕੰਪੇਨ ਰਾਹੀਂ ਸਿੱਖ ਨੁਕਤਾਨਿਗਾਹ ਵੀ ਦੱਸਿਆ ਜਾ ਰਿਹਾ ਹੈ। ਇਹ ਯਤਨ ਸ਼ਲਾਘਾਯੋਗ ਹਨ ਅਤੇ ਅਸੀਂ ਇਨ੍ਹਾਂ ਦੀ ਮੁਕੰਮਲ ਹਮਾਇਤ ਕਰਦੇ ਹਾਂ।
        ਅਫਸੋਸ ਇਸ ਗੱਲ ਦਾ ਹੈ ਕਿ ਇਨਸਾਨੀ ਹੱਕਾਂ ਦੀ ਗੱਲ ਅੱਜ ਕੋਈ ਵੁੱਕਤ ਨਹੀਂ ਰੱਖਦੀ। ਸਿਆਸੀ ਇਨਸਾਨੀ ਮਾਮਲੇ ਡਾਲਰਾਂ ਦੇ ਤਰਾਜ਼ੂ ਵਿੱਚ ਤੋਲੇ ਜਾ ਰਹੇ ਹਨ। ਨਤੀਜੇ ਦੇ ਤੌਰ 'ਤੇ ਪੂੰਜੀਪਤੀ ਦੇਸ਼ ਡਾਲਰ ਗਿਣ ਰਹੇ ਹਨ ਅਤੇ ਸਾਧਾਰਣ ਆਵਾਮ ਲਾਸ਼ਾਂ ਗਿਣ ਰਿਹਾ ਹੈ। ਅਮਰੀਕਾ ਸਰਕਾਰ ਦੀ ਮੋਦੀ ਸਰਕਾਰ ਨਾਲ ਸਾਂਝ ਇਵੇਂ ਹੀ ਹੈ, ਜਿਵੇਂ ਕਦੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਚੈਂਬਰਲੇਨ ਵਲੋਂ ਹਿਟਲਰ ਨਾਲ 1930ਵਿਆਂ 'ਚ ਕੀਤਾ ਸਮਝੌਤਾ ਸੀ। ਇਸ ਸਮਝੌਤੇ ਨੇ ਨਾਜ਼ੀਆਂ ਨੂੰ ਚੰਭਲਾ ਦਿੱਤਾ ਸੀ, ਜਿਸਦਾ ਸਿੱਟਾ ਫਿਰ ਦੂਸਰੇ ਸੰਸਾਰ ਯੁੱਧ ਵਿੱਚ ਕਰੋੜਾਂ ਲੋਕਾਂ ਦੀ ਮੌਤ ਨਾਲ ਨਿਕੱਲਿਆ। ਟਰੰਪ ਐਡਮਨਿਸਟਰੇਸ਼ਨ, ਮੋਦੀ ਸਰਕਾਰ ਨੂੰ ਉਤਸ਼ਾਹਿਤ ਕਰ ਰਿਹਾ ਹੈ ਕਿ ਉਹ ਜਿਵੇਂ ਮਰਜ਼ੀ ਨਜਿੱਠਣ! ਆਉਣ ਵਾਲੇ ਸਮੇਂ ਵਿੱਚ ਭਾਰਤੀ ਘੱਟਗਿਣਤੀਆਂ ਨੂੰ ਯਹੂਦੀਆਂ ਵਾਂਗ, ਬਲਦੀ ਦੇ ਬੂਥੇ ਵਿੱਚ ਧੱਕਿਆ ਜਾ ਰਿਹਾ ਹੈ। ਕੀ ਦੁਨੀਆਂ ਵਿੱਚ ਕੋਈ ਵੇਖ ਸੁਣ ਰਿਹਾ ਹੈ?

© 2011 | All rights reserved | Terms & Conditions