ਲੋਕ ਲਾਸ਼ਾਂ ਗਿਣਦੇ ਨੇ, ਸਿਆਸੀ ਲੋਕ ਵੋਟਾਂ ਤੇ ਡਾਲਰ ਗਿਣਦੇ ਨੇ ! : Dr. Amarjit Singh washington D.C
Submitted by Administrator
Saturday, 29 February, 2020- 03:45 pm
ਲੋਕ ਲਾਸ਼ਾਂ ਗਿਣਦੇ ਨੇ, ਸਿਆਸੀ ਲੋਕ ਵੋਟਾਂ ਤੇ ਡਾਲਰ ਗਿਣਦੇ ਨੇ ! :  Dr. Amarjit Singh washington D.C

ਜਿੰਨਾ ਹਿੰਸਾ ਦਾ ਚਿੱਕੜ ਫੈਲੇਗਾ, ਕਮਲ ਓਨਾ ਹੀ ਖਿੜੇਗਾ - ਅਮਿਤ ਸ਼ਾਹ
ਮੋਦੀ ਬਹੁਤ ਹੀ ਧਾਰਮਿਕ ਵਿਅਕਤੀ ਹੈ ਅਤੇ ਧਾਰਮਿਕ ਆਜ਼ਾਦੀ ਵਿੱਚ ਯਕੀਨ ਰੱਖਦਾ ਹੈ - ਡੋਨਲਡ ਟਰੰਪ, ਅਮਰੀਕੀ ਪ੍ਰਧਾਨ
ਦਿੱਲੀ ਵਿਚਲੀ ਹਿੰਸਾ, ਨਵੰਬਰ '84 ਦੀ ਦੁਖਦ ਯਾਦ-ਦਹਾਨੀ ਹੈ - ਸ਼ਿਵ ਸੈਨਾ
ਦਿੱਲੀ ਦੇ ਸਿੱਖ ਗੁਰਦੁਆਰਿਆਂ ਵਿੱਚ ਪੀੜਤਾਂ ਨੂੰ ਸ਼ਰਣ ਦਿੱਤੀ ਜਾਵੇ ਅਤੇ ਸਿੱਖ ਸੰਗਤਾਂ ਹਿੰਸਾ-ਪੀੜਤਾਂ ਦੀ ਮੱਦਦ ਕਰਨ - ਜਥੇਦਾਰ ਅਕਾਲ ਤਖ਼ਤ
ਜੇ ਪਾਕਿਸਤਾਨ ਵਿੱਚ ਕਿਸੇ ਨੇ ਵੀ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ - ਇਮਰਾਨ ਖਾਨ, ਪ੍ਰਧਾਨ ਮੰਤਰੀ ਪਾਕਿਸਤਾਨ

        ਵਾਸ਼ਿੰਗਟਨ (ਡੀ. ਸੀ.) 29 ਫਰਵਰੀ, 2020 - ਅਮਰੀਕਾ ਦੇ ਪ੍ਰਧਾਨ ਡੋਨਲਡ ਟਰੰਪ ਆਪਣਾ ਦੋ ਰੋਜ਼ਾ ਭਾਰਤ ਦਾ ਦੌਰਾ ਖਤਮ ਕਰਕੇ ਅਮਰੀਕਾ ਵਾਪਸ ਪਰਤ ਆਏ ਹਨ ਪਰ ਦਿੱਲੀ ਦੀ ਫਿਜ਼ਾ ਵਿੱਚ ਅਜੇ ਵੀ ਮੁਰਦਿਆਂ ਦੀਆਂ ਲਾਸ਼ਾਂ ਦੀ ਗੰਧ ਅਤੇ ਬੇਸਹਾਰਾ ਪੀੜਤ ਲੋਕਾਂ ਦੀਆਂ ਚੀਖਾਂ ਸੁਣਾਈ ਦੇ ਰਹੀਆਂ ਹਨ। 20 ਮਾਰਚ, 2000 ਨੂੰ ਜਦੋਂ ਅਮਰੀਕੀ ਪ੍ਰਧਾਨ ਕਲਿੰਟਨ ਨੇ ਦਿੱਲੀ ਵਿਖੇ ਪੈਰ ਰੱਖਿਆ ਸੀ ਤਾਂ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਬੇਗੁਨਾਹ ਸਿੱਖਾਂ ਨੂੰ ਭਾਰਤੀ ਏਜੰਸੀਆਂ ਨੇ ਮੌਤ ਦੇ ਘਾਟ ਉਤਾਰਿਆ ਸੀ। ਠੀਕ 20 ਸਾਲ ਬਾਅਦ ਟਰੰਪ ਦੀ ਅਹਿਮਦਾਬਾਦ ਤੋਂ ਬਾਅਦ ਦਿੱਲੀ ਫੇਰੀ, ਨੇ 38 ਮਾਸੂਮ ਵਿਅਕਤੀਆਂ ਦੀ ਜੀਵਨ-ਯਾਤਰਾ ਦਾ ਅੰਤ ਦੰਗਈ-ਗੁੰਡਿਆਂ ਤੋਂ ਕਰਵਾਇਆ। 300 ਤੋਂ ਜ਼ਿਆਦਾ ਲੋਕ ਜ਼ਖਮੀ ਨੇ ਤੇ ਅਰਬਾਂ ਰੁਪਈਆਂ ਦੀ ਜਾਇਦਾਦ, ਕਾਰੋਬਾਰ ਤੇ ਘਰ-ਵਾਰ ਤਬਾਹ ਕਰ ਦਿੱਤੇ ਗਏ ਹਨ। ਭਾਵੇਂ ਮਰਨ ਵਾਲਿਆਂ ਵਿੱਚ ਹਿੰਦੂ ਤੇ ਮੁਸਲਮਾਨ ਦੋਵੇਂ ਹੀ ਸ਼ਾਮਲ ਹਨ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੂਰਬੀ ਦਿੱਲੀ ਵਿੱਚ ਵਿਆਪਕ ਇਸ ਹਿੰਸਾ ਦਾ ਬਲਿਊ ਪ੍ਰਿੰਟ ਨਾਗਪੁਰ ਵਿੱਚ ਹੀ ਤਿਆਰ ਹੋਇਆ ਅਤੇ ਆਰ. ਐਸ. ਐਸ. ਦੀ ਗੁੰਡਾ ਫੋਰਸ ਨੇ ਇਸ ਦੀ ਸ਼ੁਰੂਆਤ ਕੀਤੀ। ਇੱਕ ਪਾਸੇ ਪ੍ਰਧਾਨ ਟਰੰਪ, ਮੋਦੀ ਨੂੰ ਇੱਕ 'ਧਾਰਮਿਕ ਵਿਅਕਤੀ ਅਤੇ 'ਧਾਰਮਿਕ ਆਜ਼ਾਦੀ ਵਿੱਚ ਯਕੀਨ ਰੱਖਣ ਵਾਲਾ ਵਿਅਕਤੀ' ਹੋਣ ਦਾ ਸਰਟੀਫਿਕੇਟ ਦੇ ਰਹੇ ਸਨ ਪਰ ਦੂਸਰੇ ਪਾਸੇ ਦਿੱਲੀ ਵਿੱਚ ਫਿਰਕੂ-ਨਫਰਤ ਅਧਾਰਿਤ ਹਿੰਸਾ ਕਾਲ-ਚੱਕਰ ਪੂਰੀ ਤੇਜ਼ੀ ਨਾਲ ਚਾਰ ਦਿਨ ਘੁੰਮਦਾ ਰਿਹਾ। ਇਸ ਸਮੇਂ ਦੌਰਾਨ ਮੋਦੀ ਤੇ ਅਮਿਤ ਸ਼ਾਹ ਚੁੱਪਚਾਪ ਇਹ ਤਮਾਸ਼ਾ ਦੇਖਦੇ ਰਹੇ ਤੇ ਅਖੀਰ ਵਿੱਚ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਮੈਦਾਨ ਵਿੱਚ ਉਤਾਰਿਆ। ਦੰਗਾ ਪੀੜਤ ਮੁਸਲਮਾਨਾਂ ਦੀ ਭੀੜ ਵਿੱਚ ਖਲੋ ਕੇ ਉਹ ਕਹਿ ਰਿਹਾ ਹੈ - 'ਜੋ ਹੂਆ ਸੋ ਹੂਆ, ਅਬ ਆਗੇ ਕਾ ਦੇਖੋ।'
        ਜ਼ਾਹਰ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਫਿਰਕੂ ਪਿੱਚ 'ਤੇ ਬੀ. ਜੇ. ਪੀ. ਨੇ ਚੋਣ ਮੁਹਿੰਮ ਲੜੀ, ਇਹ ਹਿੰਸਾ ਉਸ ਦਾ ਹੀ ਨਤੀਜਾ ਹੈ। ਇਸ ਚੋਣ ਮੁਹਿੰਮ ਦੌਰਾਨ ਬੀ. ਜੇ. ਪੀ. ਲੀਡਰਾਂ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਨੇ ਮੁਸਲਮਾਨਾਂ ਦੇ ਖਿਲਾਫ ਨਫਰਤ ਦੀ ਪੂਰੀ ਅੱਗ ਫੈਲਾਈ।
        'ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ' ਵਰਗੇ ਨਾਹਰੇ, ਲੋਕਾਂ ਤੋਂ ਲਗਵਾਏ ਗਏ। ਦਿੱਲੀ ਦੀ ਫਿਰਕੂ ਹਿੰਸਾ ਤੋਂ ਬਾਅਦ, ਜਦੋਂ ਦਿੱਲੀ ਹਾਈਕੋਰਟ ਦੇ ਜੱਜ ਮੁਰਲੀਧਰ ਨੇ, ਦਿੱਲੀ ਪੁਲਿਸ ਨੂੰ ਹੁਕਮ ਸੁਣਾਇਆ ਕਿ ਉਪਰੋਕਤ ਤਿੰਨਾਂ ਵਿਅਕਤੀਆਂ ਦੇ ਖਿਲਾਫ ਐਫ. ਆਈ. ਆਰ. ਦਰਜ ਕੀਤੀ ਜਾਵੇ ਤਾਂ ਰਾਤੋ ਰਾਤ ਜੱਜ ਮੁਰਲੀਧਰ ਨੂੰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ। ਉਸ ਦੀ ਥਾਂ ਕੇਸ ਸੁਣ ਰਹੇ ਜੱਜ ਨੇ, ਦਿੱਲੀ ਪੁਲਸਿ ਨੂੰ ਚਾਰ ਹਫਤੇ ਦਾ ਸਮਾਂ ਦਿੱਤਾ ਹੈ ਕਿ ਉਹ ਵੇਖੇ ਕਿ ਕੋਈ ਕੇਸ ਬਣਦਾ ਹੈ ਕਿ ਨਹੀਂ। ਕੀ ਇਹ ਸਾਰਾ ਵਰਤਾਰਾ ਨਵੰਬਰ '84 ਦੀ ਸਿੱਖ ਨਸਲਕੁਸ਼ੀ ਦੇ ਘਟਨਾਕ੍ਰਮ ਦਾ ਦੋਹਰਾਅ ਨਹੀਂ ਹੈ?
        ਯਾਦ ਰਹੇ, ਬੀ. ਜੇ. ਪੀ. ਸਰਕਾਰ ਦੇ ਚਾਣਕਿਆ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਅਰਸਾ ਪਹਿਲਾਂ, ਬੀ. ਜੇ. ਪੀ. ਦੇ ਵਰਕਰਾਂ ਨੂੰ ਭੇਜੇ ਇੱਕ ਖੁਫੀਆ ਸੁਨੇਹੇ ਵਿੱਚ ਕਿਹਾ ਸੀ, 'ਜਿਤਨਾ ਹਿੰਸਾ ਕਾ ਕੀਚੜ ਫੈਲੇਗਾ, ਕਮਲ ਉਤਨਾ ਹੀ ਖਿਲੇਗਾ।' ਜ਼ਾਹਰਾ ਤੌਰ 'ਤੇ ਬੀਜੇਪੀ ਦੀ ਰਾਜਨੀਤੀ ਦੀ ਜੜ੍ਹ ਹੀ ਹਿੰਸਕ ਨੀਤੀ ਹੈ, ਜਿਸ ਦਾ ਸ਼ਿਕਾਰ ਘੱਟਗਿਣਤੀਆਂ ਨੂੰ ਲਗਾਤਾਰਤਾ ਨਾਲ ਬਣਾਇਆ ਜਾ ਰਿਹਾ ਹੈ। ਦਿੱਲੀ ਵਿਧਾਨ ਸਭਾ ਚੋਣ-ਮੁਹਿੰਮ ਅਮਿਤ ਸ਼ਾਹ ਦੀ ਸਿੱਧੀ ਕਮਾਂਡ ਹੇਠ ਲੜੀ ਗਈ! ਅਮਿਤ ਸ਼ਾਹ ਘਰ-ਘਰ ਗਿਆ ਅਤੇ ਫਿਰਕੂਪੁਣੇ ਦੀ ਸਿਖਰ ਛੂੰਹਦਿਆਂ ਉਸ ਨੇ ਆਪਣੇ ਭਾਸ਼ਣਾਂ ਵਿੱਚ ਕਿਹਾ, 'ਵੋਟਾਂ ਵਾਲੇ ਦਿਨ ਬੀਜੇਪੀ ਦੇ ਉਮੀਦਵਾਰ ਵਾਲਾ ਬਟਨ ਇੰਨੀ ਜ਼ੋਰ ਦੀ ਦੱਬਣਾ ਕਿ ਕਰੰਟ ਜਾ ਕੇ ਸ਼ਾਹੀਨ ਬਾਗ ਲੱਗੇ।' ਜ਼ਾਹਰ ਹੈ ਚੋਣ ਨਤੀਜਿਆਂ ਨੇ ਕਰੰਟ ਬੀਜੇਪੀ ਨੂੰ ਹੀ ਲਾਇਆ। ਸਿਆਣੇ ਮਾਹਿਰਾਂ ਵਲੋਂ ਪੁੱਛਿਆ ਜਾ ਰਿਹਾ ਹੈ ਕਿ ਕੀ ਦਿੱਲੀ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਾ, ਦਿੱਲੀ ਚੋਣਾਂ ਦੀ ਹਾਰ ਦਾ ਬਦਲਾ ਲੈਂਦਿਆਂ, ਮੁਸਲਮਾਨਾਂ ਨੂੰ ਸਜ਼ਾ ਦੇਣ ਲਈ ਹੈ? ਅਮਰੀਕੀ ਪ੍ਰਧਾਨ ਟਰੰਪ ਵਲੋਂ ਧਾਰਮਿਕ ਆਜ਼ਾਦੀ ਦੀਆਂ ਅਮਰੀਕੀ ਕਦਰਾਂ-ਕੀਮਤਾਂ ਤੋਂ ਪੱਲਾ ਝਾੜਦਿਆਂ ਭਾਰਤ ਨਾਲ ਤਿੰਨ ਬਿਲੀਅਨ ਡਾਲਰ ਦੇ 'ਫੌਜੀ ਸੌਦੇ' ਨੂੰ ਅਮਰੀਕਾ ਦੀ ਬਹੁਤ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਟਰੰਪ ਨੇ ਅਮਰੀਕੀ ਲੋਕਤੰਤਰ ਦਾ ਦਿੱਲੀ ਵਿੱਚ ਖਲੋ ਕੋ ਮਜ਼ਾਕ ਬਣਾਇਆ ਹੈ।
        ਲੰਮਾ ਸਮਾਂ ਬੀਜੇਪੀ ਦੀ ਸਹਿਯੋਗੀ ਰਹੀ ਸ਼ਿਵ ਸੈਨਾ ਵਲੋਂ ਦਿੱਲੀ ਹਿੰਸਾ ਲਈ ਬੀਜੇਪੀ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਆਪਣੇ ਰਸਾਲੇ 'ਸਾਮਨਾ' ਵਿੱਚ ਲਿਖੇ ਇੱਕ ਐਡੀਟੋਰੀਅਲ ਵਿੱਚ ਕਿਹਾ ਗਿਆ ਹੈ ਕਿ ''ਦਿੱਲੀ ਵਿੱਚ ਵਾਪਰੀ ਫਿਰਕੂ ਹਿੰਸਾ ਇੱਕ ਅਤਿ-ਡਰਾਉਣੀ ਫਿਲਮ ਵਾਂਗ ਹੈ, ਜਿਹੜੀ ਨਵੰਬਰ-84 ਦੀ ਸਿੱਖ ਵਿਰੋਧੀ ਹਿੰਸਾ ਦੀ ਯਾਦ-ਦਹਾਨੀ ਕਰਵਾਉਂਦੀ ਹੈ। ਇਸ ਖੂਨ-ਖਰਾਬੇ ਨੇ ਭਾਰਤ ਦਾ ਸਿਰ ਨੀਵਾਂ ਕੀਤਾ ਹੈ, ਖਾਸ ਕਰ ਉਦੋਂ ਜਦੋਂਕਿ ਅਮਰੀਕੀ ਪ੍ਰਧਾਨ ਟਰੰਪ ਦਿੱਲੀ ਵਿੱਚ ਮੌਜੂਦ ਸਨ। ਹੁਣ ਤੱਕ ਨਵੰਬਰ-84 ਦੀ ਸਿੱਖ ਨਸਲਕੁਸ਼ੀ ਲਈ ਬੀਜੇਪੀ ਕਾਂਗਰਸ ਨੂੰ ਦੋਸ਼ੀ ਗਰਦਾਨਦੀ ਰਹੀ ਹੈ ਪਰ ਹੁਣ ਜੋ ਦਿੱਲੀ ਵਿੱਚ ਵਾਪਰਿਆ ਹੈ, ਕੀ ਬੀਜੇਪੀ ਸਿੱਧੇ ਤੌਰ 'ਤੇ ਇਸ ਲਈ ਜ਼ਿੰਮੇਵਾਰ ਨਹੀਂ ਹੈ?''
        ਦਿੱਲੀ ਦੇ ਇਸ ਫਿਰਕੂ-ਜਨੂੰਨ ਦੇ ਦੌਰ ਵਿੱਚ ਸਿੱਖ ਕੌਮ ਵਲੋਂ ਆਪਣਾ ਬਣਦਾ ਫਰਜ਼ ਅਦਾ ਕੀਤਾ ਗਿਆ ਹੈ। ਸਿੱਖਾਂ ਨੇ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ, ਕੁਝ ਥਾਵਾਂ ਤੇ ਪੀੜਤਾਂ ਨੂੰ ਦੰਗਈਆਂ ਦੇ ਚੁੰਗਲ 'ਚੋਂ ਛੁਡਾਇਆ। ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਸਥਾਪਤ ਹਸਪਤਾਲ ਵਿੱਚ ਸਭ ਤੋਂ ਜ਼ਿਆਦਾ ਜ਼ਖਮੀ ਭਰਤੀ ਹਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਯਾਦ ਰਹੇ, ਨਵੰਬਰ 84 ਵਿੱਚ ਬਹੁਤ ਸਾਰੇ ਹਸਪਤਾਲਾਂ ਅਤੇ ਡਾਕਟਰਾਂ ਨੇ ਸਿੱਖ ਜ਼ਖਮੀਆਂ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਸੀ। ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੰਗਾ-ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨ। ਉਨ੍ਹਾਂ ਨੇ ਗੁਰਦੁਆਰਾ ਕਮੇਟੀਆਂ ਨੂੰ ਵੀ ਪੀੜਤਾਂ ਨੂੰ ਸ਼ਰਨ ਦੇਣ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ ਹੈ। ਇਹ ਸ਼ਰਮ ਦੀ ਗੱਲ ਹੈ ਕਿ ਸਿਖਰਲੀ ਅਕਾਲੀ ਲੀਡਰਸ਼ਿਪ ਨੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹਨ। ਨਰੇਸ਼ ਗੁਜਰਾਲ ਤੋਂ ਇੱਕ ਮਾੜਾ ਜਿਹਾ ਬਿਆਨ ਦਵਾਇਆ ਹੈ, ਪਰ ਜਥੇਦਾਰ ਜੀ ਦਾ ਬਿਆਨ ਕਾਬਲੇ-ਤਾਰੀਫ ਹੈ।
         ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ, ਇਸ ਫਿਰਕੂ ਨਫਰਤ ਦੇ ਮਾਹੌਲ ਵਿੱਚ ਵੀ ਇੱਕ ਦਾਨੇ ਸਿਆਸਤਦਾਨ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਪਾਕਿਸਤਾਨ ਵਿੱਚ ਕਿਸੇ ਨੇ ਵੀ ਘੱਟਗਿਣਤੀ ਕੌਮ ਦੇ ਖਿਲਾਫ ਕੋਈ ਹਰਕਤ ਕੀਤੀ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਮਰਾਨ ਖਾਨ ਦਾ ਇਹ ਬਿਆਨ ਅਮਰੀਕਾ ਤੇ ਭਾਰਤ ਦੋਹਾਂ ਦੇ ਮੂੰਹ 'ਤੇ ਇੱਕ ਚਪੇੜ ਹੈ। ਇੱਕ ਪਾਸੇ ਟਰੰਪ ਅਤੇ ਮੋਦੀ ਵਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਮੁੰਬਈ ਹਮਲਾ, ਪਠਾਨਕੋਟ ਹਮਲਾ ਆਦਿ ਵਰਗੀਆਂ ਦਹਿਸ਼ਤਗਰਦ ਘਟਨਾਵਾਂ ਦਾ ਭਾਂਡਾ ਪਾਕਿਸਤਾਨ ਦੇ ਸਿਰ ਭੰਨ੍ਹ ਕੇ ਉਹਨੂੰ ਜਵਾਬਦੇਹ ਬਣਾਇਆ ਜਾ ਰਿਹਾ ਸੀ ਪਰ ਦੂਸਰੇ ਪਾਸੇ ਠੀਕ ਉਨ੍ਹਾਂ ਦੇ ਨੱਕ ਥੱਲੇ ਦਿੱਲੀ ਵਿੱਚ ਲੋਕ ਲਾਸ਼ਾਂ ਗਿਣ ਰਹੇ ਸਨ ਅਤੇ ਚਾਰ-ਚੁਫੇਰੇ ਹਾਹਾਕਾਰ ਮਚੀ ਹੋਈ ਸੀ। ਇਮਰਾਨ ਖਾਨ ਨੇ ਦੱਸ ਦਿੱਤਾ ਹੈ ਕਿ ਲਾਸ਼ਾਂ ਨਾਲ ਵੋਟਾਂ ਅਤੇ ਡਾਲਰਾਂ ਦੀ ਸਿਆਸਤ ਕਰਨ ਨਾਲੋਂ ਉਹ ਇਨਸਾਨੀ ਕਦਰਾਂ-ਕੀਮਤਾਂ ਵਿੱਚ ਯਕੀਨ ਰੱਖਦੇ ਹਨ।
        ਜੋ ਕੁਝ ਵੀ ਦਿੱਲੀ ਵਿੱਚ ਆਰ. ਐਸ. ਐਸ. ਵਲੋਂ ਕਰਵਾਇਆ ਗਿਆ ਹੈ, ਉਹ ਭਾਰਤ ਵਿੱਚ ਮੁਸਲਮਾਨਾਂ, ਦਲਿਤਾਂ, ਇਸਾਈਆਂ, ਸਿੱਖਾਂ ਦੀ ਭਵਿੱਖ ਵਿੱਚ ਹੋਣ ਵਾਲੀ ਨਸਲਕੁਸ਼ੀ ਦਾ ਇੱਕ 'ਟਰੇਲਰ' ਮਾਤਰ ਹੈ। ਹਿੰਦੂਤਵੀਆਂ ਨੇ ਆਪਣੇ ਹਿੰਦੂ ਰਾਸ਼ਟਰ ਦੇ ਸੰਕਲਪ ਨੂੰ ਪੂਰਾ ਕਰਨ ਦੀ ਤਾਰੀਕ 2024 ਤੱਕ ਵਧਾਈ ਹੋਈ ਹੈ। 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਦਾ ਰੁਤਬਾ ਖਤਮ ਕਰਨ ਤੋਂ ਬਾਅਦ ਬੀਜੇਪੀ ਬੜੀ ਤੇਜ਼ੀ ਨਾਲ ਆਪਣੇ ਏਜੰਡੇ ਦੇ ਬਾਕੀ ਨੁਕਤਿਆਂ ਨੂੰ ਲਾਗੂ ਕਰ ਰਹੀ ਹੈ। ਹੁਣ ਤਾਂ ਬੀਜੇਪੀ ਨੇ ਦੁਨੀਆਂ ਦੀ ਸੁਪਰ-ਪਾਵਰ ਅਮਰੀਕਾ ਦਾ ਅਸ਼ੀਰਵਾਦ ਵੀ ਹਾਸਲ ਕਰ ਲਿਆ ਹੈ। ਹੁਣ ਇਨ੍ਹਾਂ ਨਾਜ਼ੀਵਾਦੀ ਹਿੰਦੂਤਵੀਆਂ ਨੂੰ ਕੌਣ ਰੋਕ ਸਕਦਾ ਹੈ? ਭਾਰਤ ਵਿੱਚ ਵੱਡੇ ਪੈਮਾਨੇ 'ਤੇ ਖੂਨ-ਖਰਾਬਾ ਹੋਣ ਜਾ ਰਿਹਾ ਹੈ, ਇਹੀ ਕੌੜਾ ਸੱਚ ਹੈ।

© 2011 | All rights reserved | Terms & Conditions