ਨਾਨਕਸ਼ਾਹੀ ਨਵਾਂ ਵਰ੍ਹਾ ਸੰਮਤ 552 ਮੁਬਾਰਕ : Dr. Amarjit Singh washington D.C
Submitted by Administrator
Saturday, 7 March, 2020- 05:30 pm
ਨਾਨਕਸ਼ਾਹੀ ਨਵਾਂ ਵਰ੍ਹਾ ਸੰਮਤ 552 ਮੁਬਾਰਕ  :  Dr. Amarjit Singh washington D.C

        ਨਾਨਕਸ਼ਾਹੀ ਵਰ੍ਹਾ 551, ਸੂਰਜੀ ਮੌਸਮੀ ਸਾਲ ਦਾ ਆਪਣਾ ਪੈਂਡਾ ਤਹਿ ਕਰਕੇ, ਪਹਿਲੀ ਚੇਤ (14 ਮਾਰਚ) ਨੂੰ ਰਾਤ ਦੇ ਬਾਰਾਂ ਵਜੇ, ਸਮੇਂ ਦੀਆਂ ਵਾਗਾਂ ਵਰ੍ਹਾ-552 ਦੇ ਹਵਾਲੇ ਕਰਕੇ, ਇਤਿਹਾਸ ਦੇ ਬੀਤੇ ਵਰ੍ਹਿਆਂ ਵਾਂਗ ਲੁਪਤ ਹੋ ਜਾਵੇਗਾ। ਸਮੇਂ ਦੀ ਖੇਡ, ਅਕਾਲ ਪੁਰਖ ਦੇ ਹੁਕਮ ਅਨੁਸਾਰ ਨਿਰੰਤਰ ਖੇਡੀ ਜਾ ਰਹੀ ਹੈ... 'ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤੁ' ਗੁਰਬਾਣੀ ਅਧਾਰਿਤ ਅਤੇ ਪੰਥ ਵਲੋਂ 14 ਅਪ੍ਰੈਲ, 2003 ਤੋਂ ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ, ਸੂਰਜ ਉਦੈ ਅਤੇ ਅਸਤ ਦਾ ਸਮਾਂ ਸ੍ਰੀ ਹਰਿਮੰਦਰ ਸਾਹਿਬ ਦੇ ਰੇਖਾਂਸ਼ (ਲੌਂਗੀਚਿਊਡ) ਅਤੇ ਅਕਸ਼ਾਂਸ਼ (ਲੈਟੀਚਿਊਡ) ਨੂੰ ਕੇਂਦਰ ਮੰਨ ਕੇ, ਨਿਰਧਾਰਤ ਕੀਤਾ ਗਿਆ ਹੈ। ਹਿੰਦੂ ਕੈਲੰਡਰ (ਜਿਸ ਨੂੰ ਹਿੰਦੂ ਰਾਜੇ ਬਿਕ੍ਰਮਾਦਿੱਤ ਦੇ ਨਾਂ ਤੇ ਬਿਕ੍ਰਮੀ ਕੈਲੰਡਰ ਦਾ ਨਾਂ ਦਿੱਤਾ ਗਿਆ ਹੈ) ਅਨੁਸਾਰ ਸੂਰਜ, ਉਦੈ ਦਾ ਸਮਾਂ ਉਦੋਂ ਹੁੰਦਾ ਹੈ, ਜਦੋਂਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ, ਹਿੰਦੂ ਤੀਰਥ ਸਥਾਨ ਉਜੈਨ (ਮੱਧ ਪ੍ਰਦੇਸ਼) 'ਤੇ ਪੈਂਦੀਆਂ ਹਨ। ਬਿਕ੍ਰਮੀ ਸੰਮਤ, ਹਿੰਦੂ ਗੌਰਵ ਤੇ ਹਿੰਦੂਤਵ ਦਾ ਪ੍ਰਤੀਕ ਹੈ ਜਦੋਂਕਿ ਨਿਵੇਕਲਾ ਸਿੱਖ ਕੈਲੰਡਰ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਲੋਕ-ਪ੍ਰਲੋਕ ਦੀ 'ਸ਼ਾਹਾਨਾ' (ਰੌਇਲ) ਸ਼ਖਸੀਅਤ ਨੂੰ ਸਮਰਪਿਤ ਹੈ। ਨਾਨਕਸ਼ਾਹੀ ਕੈਲੰਡਰ, ਜਿਥੇ ਸਿੱਖ ਕੌਮ ਦੀ ਅੱਡਰੀ ਮਾਣਮੱਤੀ ਹਸਤੀ ਦਾ ਪ੍ਰਤੀਕ ਹੈ, ਉਥੇ ਇਹ ਖਾਲਿਸਤਾਨੀ ਸੰਘਰਸ਼ ਵਿੱਚ ਗੱਡਿਆ ਇੱਕ ਰੌਸ਼ਨ ਮੀਲ ਪੱਥਰ ਵੀ ਹੈ।
        ਗੁਰਬਾਣੀ ਵਿੱਚ, ਮੌਸਮ ਅਧਾਰਿਤ ਛੇ ਰੁੱਤਾਂ ਦਾ ਜ਼ਿਕਰ ਅੱਡ-ਅੱਡ ਵੰਨਗੀਆਂ ਵਿੱਚ ਮਿਲਦਾ ਹੈ। ਬਾਰਾਂ ਮਹੀਨਿਆਂ ਦਾ ਮੁਕੰਮਲ ਜ਼ਿਕਰ, ਗੁਰੂ ਨਾਨਕ ਸਾਹਿਬ ਵਲੋਂ ਰਾਗ ਤੁਖਾਰੀ ਵਿੱਚ ਰਚਿਤ 'ਬਾਰਹ ਮਾਹ' ਅਤੇ ਗੁਰੂ ਅਰਜਨ ਸਾਹਿਬ ਵਲੋਂ ਰਾਗ ਮਾਝ ਵਿੱਚ ਰਚਿਤ 'ਬਾਰਹ ਮਾਹ' ਵਿੱਚ ਮਿਲਦਾ ਹੈ। ਗੁਰੂ ਨਾਨਕ ਸਾਹਿਬ ਰਚਿਤ ਬਾਰਹ ਮਾਹ ਵਿੱਚ, ਵਰ੍ਹੇ ਦੀ ਅਰੰਭਤਾ ਦੇ ਮਹੀਨੇ ਚੇਤ ਦਾ ਜ਼ਿਕਰ ਇਸ ਪ੍ਰਕਾਰ ਹੈ -
'ਚੇਤ ਬਸੰਤ ਭਲਾ, ਭਵਰ ਸੁਹਾਵੜੇ।
ਬਨ ਫੂਲੇ ਮੰਝ ਬਾਰਿ, ਮੈ ਪਿਰ ਘਰ ਬਾਹੁੜੈ।'
ਗੁਰੂ ਅਰਜਨ ਸਾਹਿਬ ਦਾ ਨਵੇਂ ਵਰ੍ਹੇ ਦੇ ਪਹਿਲੇ ਮਹੀਨੇ ਸਬੰਧੀ ਉਪਦੇਸ਼ ਹੈ -
'ਚੇਤਿ ਗੋਵਿੰਦ ਆਰਾਧੀਐ,
ਹੋਵੈ ਅਨੰਦ ਘਣਾ
ਸੰਤ ਜਨਾ ਮਿਲ ਪਾਈਐ,
ਰਸਨਾ ਨਾਮ ਭਣਾ।'
         ਅਸੀਂ ਨਾਨਕਸ਼ਾਹੀ ਨਵਾਂ ਵਰ੍ਹਾ 552, ਪਹਿਲੀ ਚੇਤ ਦੀ ਖੇੜਿਆਂ ਭਰੀ, ਮਾਣਮੱਤੀ - ਸੱਜਰੀ ਸਵੇਰ ਮੌਕੇ, ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਅਤੇ ਗੁਰੂ ਅੱਗੇ ਅਰਦਾਸ ਕਰਕੇ ਹਾਂ ਕਿ ਸਮੁੱਚੇ ਪ੍ਰਾਣੀ ਮਾਤਰ ਲਈ ਇਹ ਵਰ੍ਹਾ ਖੁਸ਼ੀਆਂ-ਉਦਾਸੀਆਂ ਵਿੱਚ, ਸਹਿਜ ਭਾਵ ਨਾਲ ਵਿਚਰਨ ਦੀ ਸਮਰੱਥਾ ਦੇਣ ਵਾਲਾ ਹੋਵੇ। ਪਹਿਲੀ ਚੇਤ ਦਾ ਦਿਨ, ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਗੁਰਗੱਦੀ ਦਿਵਸ ਵੀ ਹੈ, ਇਸ ਲਈ ਸਿੱਖ ਕੌਮ ਨੂੰ ਅਸੀਂ ਦੋਹਰੀ ਮੁਬਾਰਕਬਾਦ ਪੇਸ਼ ਕਰਦੇ ਹਾਂ।
        ਜਦੋਂ ਅਸੀਂ ਨਵਾਂ ਵਰ੍ਹਾ ਮੁਬਾਰਕ ਕਹਿ ਰਹੇ ਹਾਂ ਤਾਂ ਸਮੁੱਚੀ ਸਿੱਖ ਕੌਮ ਵਿੱਚ ਕੈਲੰਡਰ ਮੁੱਦੇ 'ਤੇ ਪੱਸਰੇ ਰੋਹ, ਉਦਾਸੀ ਅਤੇ ਅਨਿਸ਼ਚਤਤਾ ਦੀ ਸਥਿਤੀ ਸਬੰਧੀ ਨਾ-ਖੁਸ਼ਗਵਾਰ ਟਿੱਪਣੀ ਕਰਨ ਦੇ ਆਪਣੇ ਫਰਜ਼ ਨੂੰ ਵੀ ਨਿਭਾ ਰਹੇ ਹਾਂ। ਇਸ ਨੂੰ ਕੌਮ ਦੀ ਬਦਬਖਤੀ ਕਿਹਾ ਜਾਏ ਜਾਂ ਵਿਕਾਊਮਾਲ ਲੀਡਰਸ਼ਿਪ ਦੀ ਕਰਤੂਤ, ਕਿ ਨਾਨਕਸ਼ਾਹੀ ਕੈਲੰਡਰ ਦੇ ਨਿਰਮਲ ਦੁੱਧ ਅੰਦਰ, ਅਖੌਤੀ ਸੰਤ ਸਮਾਜ ਅਤੇ ਹਿੰਦੂਤਵੀ ਪਹਿਰੇਦਾਰ ਬਾਦਲ ਵਿਚਕਾਰ 'ਅਪਵਿੱਤਰ ਗੱਠਜੋੜ' (ਅਨਹੋਲੀ ਅਲਾਇੰਸ) ਰਾਹੀਂ ਅਖੌਤੀ ਸੋਧਾਂ ਦੀ ਕਾਂਜੀ ਘੋਲ ਦਿੱਤੀ ਗਈ। ਇਸ 'ਅਪਵਿੱਤਰ ਗੱਠਜੋੜ' ਨੇ, ਲਗਭਗ ਸਮੁੱਚੀ ਸਿੱਖ ਕੌਮ ਵਲੋਂ ਪ੍ਰਵਾਨਿਤ (ਢਾਈ ਟੋਟਰੂ ਸਾਧਾਂ ਦੇ ਡੇਰਿਆਂ ਨੂੰ ਛੱਡ ਕੇ, ਜਿਹੜੇ ਵੈਸੇ ਵੀ ਗੁਰੂ ਸਾਹਿਬਾਨਾਂ ਦੇ ਮੁਬਾਰਕ ਦਿਨਾਂ ਨਾਲੋਂ, ਆਪਣੇ ਪਹਿਲੇ ਸੰਤਾਂ ਦੀਆਂ ਬਰਸੀਆਂ ਮਨਾਉਣ ਨੂੰ ਪਹਿਲ ਦਿੰਦੇ ਹਨ) ਨਾਨਕਸ਼ਾਹੀ ਕੈਲੰਡਰ ਨੂੰ ਮੁੜ ਵਿਵਾਦਾਂ ਦੇ ਘੇਰੇ ਵਿੱਚ ਲਿਆਉਣ ਦੀ ਕੋਝੀ ਸਾਜ਼ਿਸ਼ ਰਚੀ ਹੈ।
       ਨਾਨਕਸ਼ਾਹੀ ਕੈਲੰਡਰ, ਸਿਰਫ ਤਰੀਕਾਂ ਦੇ ਜਮ੍ਹਾਂ-ਘਟਾਓ ਦਾ ਨਾਂ ਨਹੀਂ ਹੈ ਬਲਕਿ ਇਹ ਸਿੱਖ ਕੌਮ ਦੀ ਵਿਲੱਖਣ ਹਸਤੀ ਅਤੇ ਸ਼ਾਨ ਦਾ ਪ੍ਰਤੀਕ ਹੈ। ਹਿੰਦੂਤਵੀ ਜਮਾਤ ਆਰ. ਐਸ. ਐਸ. ਅਤੇ ਉਸ ਦੇ ਦੁਮਛੱਲਿਆਂ ਨੇ ਪਹਿਲੇ ਦਿਨ ਤੋਂ ਹੀ ਇਸ ਦਾ ਇਸ ਲਈ ਵਿਰੋਧ ਕੀਤਾ ਕਿਉਂਕਿ ਉਨ੍ਹਾਂ ਨੂੰ ਇਸ ਦੀ ਅਹਿਮੀਅਤ ਦਾ ਪੂਰੀ ਤਰ੍ਹਾਂ ਅਹਿਸਾਸ ਸੀ। 2003 ਵਿੱਚ ਆਰ. ਐਸ. ਐਸ. ਮੁਖੀ ਪ੍ਰੋ. ਸੁਦਰਸ਼ਨ ਨੇ ਇਸ ਦੇ ਖਿਲਾਫ ਖੁੱਲ੍ਹ ਕੇ ਸਟੈਂਡ ਲਿਆ। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਮੀਡੀਏ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹ ਜਦੋਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਜਾ ਰਹੇ ਸਨ ਤਾਂ ਉਦੋਂ ਪੰਜਾਬ ਦਾ ਬੀ. ਜੇ. ਪੀ. ਦਾ ਮੰਤਰੀ ਬਲਦੇਵ ਰਾਜ ਉਨ੍ਹਾਂ ਨੂੰ ਮਿਲਿਆ ਸੀ ਅਤੇ ਮੰਗ ਕੀਤੀ ਸੀ ਕਿ ਇਹ ਕੈਲੰਡਰ ਹਿੰਦੂਆਂ-ਸਿੱਖਾਂ ਵਿੱਚ ਪਾੜਾ ਵਧਾਵੇਗਾ, ਇਸ ਲਈ ਇਸ ਨੂੰ ਲਾਗੂ ਨਾ ਕੀਤਾ ਜਾਵੇ। ਕੀ ਬਾਦਲ ਦਲ ਦੇ ਦੇਸ਼-ਵਿਦੇਸ਼ ਵਿਚਲੇ ਪੈਰੋਕਾਰਾਂ ਕੋਲ ਇਨ੍ਹਾਂ ਸਬੂਤਾਂ ਦਾ ਕੋਈ ਜਵਾਬ ਹੈ?
        ਅਕਾਲ ਤਖਤ ਸਾਹਿਬ, ਪਿਛਲੇ ਲਗਭਗ 400 ਸਾਲ ਤੋਂ ਸੱਚ, ਹੱਕ ਅਤੇ ਇਨਸਾਫ ਦਾ ਪਹਿਰੇਦਾਰ ਹੈ ਅਤੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਲਾਗੂ ਕਰਵਾਉਣ ਲਈ ਜਥੇਦਾਰ ਅਕਾਲੀ ਫੂਲਾ ਸਿੰਘ, ਵਾਂਗ ਜਿਸ ਨੇ ਵੀ ਆਵਾਜ਼ ਮਾਰੀ, ਪੰਥ ਨੇ ਸ਼ਹਾਦਤਾਂ ਦੇਣ ਲਈ ਵੀ ਵਹੀਰਾਂ ਘੱਤ ਦਿੱਤੀਆਂ। 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ, ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਮੀਰੀ-ਪੀਰੀ ਦੀ ਰਾਖੀ ਅਤੇ ਖਾਲਸਾ ਰਾਜ ਦੀ ਸਥਾਪਨਾ ਲਈ, ਆਪਣੇ ਦਰਜਨਾਂ ਸਾਥੀ ਸਿੰਘਾਂ ਸਮੇਤ ਜੂਨ-1984 ਵਿੱਚ ਸ਼ਹੀਦੀ ਜਾਮ ਪੀਤਾ। ਪਿਛਲੇ ਤਿੰਨ ਦਹਾਕਿਆਂ ਦੇ ਡੇਢ ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘ-ਸਿੰਘਣੀਆਂ ਨੇ, ਖਾਲਿਸਤਾਨ ਦੀ ਕਾਇਮੀ, ਸਿੱਖ ਧਰਮ ਦੀ ਵਿਲੱਖਣ ਹਸਤੀ ਨੂੰ ਕਾਇਮ ਰੱਖਣ ਲਈ ਹੀ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕੀਤੇ ਸਨ।
        ਜੂਨ '84 ਵਿੱਚ ਭਾਰਤੀ ਫੌਜ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਾਵੇਂ ਟੈਂਕਾਂ-ਤੋਪਾਂ ਦੇ ਗੋਲਿਆਂ ਨਾਲ ਢਾਹ-ਢੇਰੀ ਕੀਤਾ ਗਿਆ ਸੀ ਪਰ ਅਕਾਲ ਤਖਤ ਦੀ ਸਪਿਰਟ ਅਤੇ ਸੱਚ, ਹੱਕ ਤੇ ਇਨਸਾਫ ਲਈ ਮਰ ਮਿਟਣ ਦਾ ਜਜ਼ਬਾ ਹਰ ਸਿੱਖ ਵਿੱਚ ਬੜਾ ਪ੍ਰਚੰਡ ਹੋਇਆ ਸੀ। ਇਸੇ ਅਕਾਲ ਤਖਤ ਦੀ ਤਾਬਿਆ, 26 ਜਨਵਰੀ, 1986 ਨੂੰ ਸਰਬੱਤ ਖਾਲਸਾ ਹੋਇਆ ਸੀ, ਜਿਸ ਵਲੋਂ ਥਾਪੀ ਪੰਜ ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ, 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ, ਸਿੱਖ ਕੌਮ ਦਾ ਸਪੱਸ਼ਟ ਰਾਜਸੀ ਨਿਸ਼ਾਨਾ ਮਿੱਥਿਆ ਸੀ। ਖਾਲਿਸਤਾਨੀ ਸੰਘਰਸ਼ ਦੇ ਯੋਧਿਆਂ ਦੀਆਂ ਮਹਾਨ ਕੁਰਬਾਨੀਆਂ ਯਾਦ ਕਰਵਾਉਂਦੀਆਂ ਹਨ ਕਿ ਅਕਾਲ ਤਖਤ ਸਿਰਫ ਇਮਾਰਤ ਜਾਂ ਇਸ 'ਤੇ ਸਰਕਾਰੀ ਏਜੰਸੀਆਂ ਵਲੋਂ ਕਾਬਜ਼ ਕਰਵਾਏ ਗਏ ਕਿਸੇ ਜਥੇਦਾਰ ਦੀ ਜਗੀਰ ਨਹੀਂ ਹੈ ਬਲਕਿ ਇਹ ਸਮੁੱਚੇ ਖਾਲਸਾ ਪੰਥ ਦੀ 'ਆਜ਼ਾਦ ਸਪਿਰਟ,' ਜਿਹੜੀ ਕਿ ਗੁਰੂ ਗ੍ਰੰਥ -ਗੁਰੂ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਹੈ, ਦੀ ਤਰਜਮਾਨੀ ਕਰਦਾ ਹੈ।
        ਅੱਜ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ 'ਤੇ ਆਰ. ਐਸ. ਐਸ. ਦੇ ਹੱਥਠੋਕੇ ਬਾਦਲ ਕੁਨਬੇ ਦਾ ਕਬਜ਼ਾ ਹੈ। ਵਰ੍ਹਾ 2003 ਵਿੱਚ, ਪੰਥ ਵਲੋਂ ਪ੍ਰਵਾਣਿਤ ਮੂਲ ਨਾਨਕਸ਼ਾਹੀ ਕੈਲੰਡਰ ਨੂੰ, ਆਰ. ਐਸ. ਐਸ. ਦੇ ਦਬਾਅ ਹੇਠ ਬਾਦਲਦਲੀਆਂ ਨੇ 2010 ਅਤੇ 2012 ਵਿੱਚ 'ਸੋਧਾਂ' ਦੇ ਨਾਂ ਹੇਠ, ਮੁਕੰਮਲ ਤੌਰ 'ਤੇ ਹਿੰਦੂ ਬਿਕ੍ਰਮੀ ਕੈਲੰਡਰ ਵਿੱਚ ਬਦਲ ਦਿੱਤਾ। ਸੰਗਤਾਂ ਨੂੰ ਧੋਖਾ ਦਿੰਦਿਆਂ, ਇਸ ਪੂਰਨ ਰੂਪ ਵਿੱਚ ਹਿੰਦੂ ਕੈਲੰਡਰ ਨੂੰ 'ਨਾਨਕਸ਼ਾਹੀ ਕੈਲੰਡਰ' ਦਾ ਨਾ ਦਿੱਤਾ ਗਿਆ। ਆਰ. ਐਸ. ਐਸ. ਨੇ ਇਸ ਕੁਕਰਮ ਨੂੰ ਕਰਨ ਲਈ ਅਖੌਤੀ ਸੰਤ ਸਮਾਜ ਦੇ ਆਪਣੇ ਤਨਖਾਹੀਏ ਏਜੰਟਾਂ ਦੀਆਂ ਪੂਰੀਆਂ ਸੇਵਾਵਾਂ ਲਈਆਂ। ਇਸ ਸਮੁੱਚੀ ਹਿੰਦੂਤਵੀ ਸਾਜ਼ਿਸ਼ ਵਿੱਚ, ਸੰਗਤਾਂ ਵਲੋਂ ਨਕਾਰੇ ਗਏ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਨੇ ਪ੍ਰਮੁੱਖ ਭੂਮਿਕਾ ਨਿਭਾਈ। ਵਰ੍ਹਾ 2015 ਵਿੱਚ ਸੌਦਾ ਸਾਧ ਦੇ ਖਿਲਾਫ ਜਾਰੀ 'ਗੁਰਮਤੇ' ਨੂੰ ਵਾਪਸ ਲੈਣ ਦਾ ਢੌਂਗ ਵੀ ਇਸੇ ਜਥੇਦਾਰ ਵਲੋਂ ਬਾਦਲਾਂ ਦੇ ਕਹਿਣ 'ਤੇ ਰਚਿਆ ਗਿਆ ਸੀ ਪਰ ਸੰਗਤਾਂ ਦੇ ਜ਼ੋਰਦਾਰ ਵਿਰੋਧ ਕਰਕੇ, ਇਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਸੀ।
       ਅੱਜ 30 ਮਿਲੀਅਨ ਸਿੱਖ ਕੌਮ ਉਨ੍ਹਾਂ ਸਾਰੇ 'ਚਿਹਰਿਆਂ' ਦੀ ਸ਼ਨਾਖਤ ਕਰੇ, ਜਿਨ੍ਹਾਂ ਨੇ ਸੰਤਾਂ ਦੇ ਕੌਮੀ ਅਜ਼ਾਦੀ ਦੇ ਸੁਨੇਹੇ ਨੂੰ 'ਹਿੰਦੂਤਵੀ ਕਰਮ ਕਾਂਡ' ਅਤੇ ਹਿੰਦੂ ਬਿਕ੍ਰਮੀ ਕੈਲੰਡਰ ਦੇ ਪੇਟੇ ਪਾਉਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ। ਨਿਰਮਲ ਦੁੱਧ ਵਿੱਚ ਕਾਂਜੀ ਰਲਾਉਣ ਵਾਲੇ, ਇਹ 'ਹਿੰਦੂਤਵੀ ਮੋਹਰੇ' ਸਿੱਖ ਕੌਮ 'ਤੇ ਸਿੱਖ ਇਤਿਹਾਸ ਨੂੰ ਜਵਾਬਦੇਹ ਹਨ।
        ਬੇਸ਼ੱਕ ਅੱਜ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਬਾਦਲਦਲੀਏ ਸਿੱਖੀ ਰਵਾਇਤਾਂ ਨੂੰ ਲੀਰੋ-ਲੀਰ ਕਰਕੇ ਪੰਥ ਨੂੰ ਬ੍ਰਾਹਮਣਵਾਦੀ ਪਾਣ ਚਾੜ੍ਹਨ ਲਈ ਤੱਤਪਰ ਹਨ ਪਰ ਖਾਲਸਾ ਪੰਥ ਅਸਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦੇਸ਼-ਵਿਦੇਸ਼ ਵਿੱਚ ਦਿਹਾੜੇ ਮਨਾਉਂਦਾ ਰਿਹਾ ਹੈ ਤੇ ਅਗਾਂਹ ਵੀ ਮਨਾਉਂਦਾ ਰਹੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਹੱਕਦਾਰ ਹੈ ਕਿ ਉਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ-2003 ਮੁਤਾਬਿਕ, ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਉਣ ਦਾ ਫੈਸਲਾ ਲਿਆ ਹੈ। ਹਿੰਦੂਤਵੀ ਤਾਕਤਾਂ ਅਤੇ ਖਾਲਸਾ ਪੰਥ ਦੀ ਇਸ ਜੰਗ ਵਿੱਚ ਅਖੀਰ ਹਿੰਦੂਤਵੀ ਤਾਕਤਾਂ ਨੂੰ ਮੂੰਹ ਦੀ ਖਾਣੀ ਪਵੇਗੀ ਅਤੇ ਪੰਥ ਦੀ ਜਿੱਤ ਹੋਵੇਗੀ।

© 2011 | All rights reserved | Terms & Conditions