ਯੂਨਾਇਟਿਡ ਨੇਸ਼ਨਜ਼ ਦੀ ਮਨੁੱਖੀ ਅਧਿਕਾਰ ਸੰਸਥਾ ਨੇ ਸੀ. ਏ. ਏ. ਦੇ ਮੁੱਦੇ 'ਤੇ ਕੀਤੀ ਭਾਰਤੀ ਸੁਪਰੀਮ ਕੋਰਟ ਤੱਕ ਪਹੁੰਚ ! : Dr. Amarjit Singh washington D.C
Submitted by Administrator
Saturday, 14 March, 2020- 04:11 am
ਯੂਨਾਇਟਿਡ ਨੇਸ਼ਨਜ਼ ਦੀ ਮਨੁੱਖੀ ਅਧਿਕਾਰ ਸੰਸਥਾ ਨੇ ਸੀ. ਏ. ਏ. ਦੇ ਮੁੱਦੇ 'ਤੇ ਕੀਤੀ ਭਾਰਤੀ ਸੁਪਰੀਮ ਕੋਰਟ ਤੱਕ ਪਹੁੰਚ ! :  Dr. Amarjit Singh washington D.C

ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਦੋ ਸਿੱਖ ਐਮ. ਪੀਜ਼ ਨੇ ਦਿੱਲੀ ਹਿੰਸਾ ਦੇ ਖਿਲਾਫ ਉਠਾਈ ਆਵਾਜ਼!
'ਭਾਰਤ ਵਿੱਚ ਅੱਤਵਾਦੀ ਹਿੰਦੂਆਂ ਵਲੋਂ ਮੁਸਲਮਾਨਾਂ ਦਾ ਕਤਲੇਆਮ ਬੰਦ ਕੀਤਾ ਜਾਵੇ ਨਹੀਂ ਤਾਂ ਭਾਰਤ ਨੂੰ ਇਸਲਾਮਿਕ ਜਗਤ ਵਲੋਂ ਅਲੱਗ-ਥਲੱਗ ਕਰ ਦਿੱਤਾ ਜਾਵੇਗਾ'- ਈਰਾਨ ਦੇ ਖੁਮੈਨੀ
'2000 ਦੇ ਲਗਭਗ ਲੋਕਾਂ ਨੂੰ ਬਾਹਰੋਂ ਲਿਆ ਕੇ ਦਿੱਲੀ ਵਿੱਚ ਮੁਸਲਮਾਨ
ਵਿਰੋਧੀ ਦੰਗੇ ਕਰਵਾਏ ਗਏ' - ਦਿੱਲੀ ਘੱਟਗਿਣਤੀ ਕਮਿਸ਼ਨ
'ਸਿੱਖ ਕੌਮ ਵਲੋਂ ਦਿੱਲੀ ਵਿੱਚ ਨਿਭਾਇਆ ਜਾ ਰਿਹਾ ਹੈ ਇਨਸਾਨੀ ਰੋਲ, ਜਿਸ ਦਾ ਕੋਈ ਸਾਨੀ ਨਹੀਂ ਹੈ' - ਪ੍ਰਤੀਸ਼ ਨੰਦੀ, ਪ੍ਰਸਿੱਧ ਪੱਤਰਕਾਰ
ਕੋਚੀ (ਕੇਰਲਾ) ਦੀ ਗਰੈਂਡ ਮਸਜਿਦ ਵਿੱਚ ਸਿੱਖਾਂ ਦਾ ਕੀਤਾ ਗਿਆ ਸਨਮਾਨ!


          ਵਾਸ਼ਿੰਗਟਨ (ਡੀ. ਸੀ.) 14 ਮਾਰਚ, 2020 - ਅਮਰੀਕੀ ਪ੍ਰਧਾਨ ਟਰੰਪ ਦੀ ਭਾਰਤ ਯਾਤਰਾ ਦੌਰਾਨ ਸ਼ੁਰੂ ਹੋਈ ਮੁਸਲਮਾਨ ਵਿਰੋਧੀ ਹਿੰਸਾ ਨੇ ਤਿੰਨ ਦਿਨਾਂ ਦੌਰਾਨ ਦਿੱਲੀ ਵਿੱਚ 50 ਤੋਂ ਜ਼ਿਆਦਾ ਬੇਗੁਨਾਹ ਲੋਕਾਂ ਦੀ ਜਾਨ ਲਈ ਤੇ 400 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ। ਅਰਬਾਂ ਰੁਪੱਈਆਂ ਦੀ ਜਾਇਦਾਦ ਤੇ ਕਾਰੋਬਾਰ ਤਬਾਹ ਕੀਤੇ ਗਏ। ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਲਈ ਚੋਣ ਪ੍ਰਚਾਰ ਦੌਰਾਨ, ਬੀ. ਜੇ. ਪੀ. ਦੇ ਪ੍ਰਮੁੱਖ ਲੀਡਰਾਂ ਸਮੇਤ ਅਮਿਤ ਸ਼ਾਹ, ਅਨੁਰਾਗ ਠਾਕੁਰ, ਕਪਿਲ ਮਿਸ਼ਰਾ ਆਦਿ ਦੇ ਮੁਸਲਮਾਨਾਂ ਦੇ ਖਿਲਾਫ ਖੁੱਲ੍ਹ ਕੇ ਨਫਰਤ ਫੈਲਾਈ। 'ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ' ਵਰਗੇ ਨਾਹਰੇ ਸਟੇਜ ਤੋਂ ਲਵਾਏ ਗਏ। ਅਮਿਤ ਸ਼ਾਹ ਨੇ ਬੀ. ਜੇ. ਪੀ. ਲਈ ਬਟਨ ਦਬਾਉਣ ਅਤੇ ਕਰੰਟ ਸ਼ਾਹੀਨ ਬਾਗ ਲੱਗਣ ਦੀ ਕਾਲ ਦਿੱਤੀ। ਯਾਦ ਰਹੇ ਕਿ ਪਿਛਲੇ ਲਗਭਗ ਢਾਈ ਮਹੀਨੇ ਤੋਂ ਦਿੱਲੀ ਦੇ ਸ਼ਾਹੀਨ ਬਾਗ, ਜਾਮੀਆ ਨਗਰ ਅਤੇ ਚਾਂਦ ਨਗਰ ਵਰਗੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਬੀਬੀਆਂ ਵਲੋਂ ਸੀ. ਏ. ਏ. ਦੇ ਖਿਲਾਫ ਸ਼ਾਂਤਮਈ ਧਰਨਾ ਜਾਰੀ ਹੈ। ਵਿਖਾਵਾਕਾਰੀਆਂ ਨਾਲ ਗੱਲਬਾਤ ਤਾਂ ਕਿਸੇ ਨੇ ਕੀ ਕਰਨੀ ਸੀ, ਬੀ. ਜੇ. ਪੀ. ਨੇ ਮੁਸਲਮਾਨਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਇਸ ਲਈ 24, 25 ਤੇ 26 ਫਰਵਰੀ ਦੇ ਦਿਨ ਚੁਣੇ ਗਏ ਕਿਉਂਕਿ ਦਿੱਲੀ ਵਿੱਚ ਪ੍ਰਧਾਨ ਟਰੰਪ ਦੀ ਮੌਜੂਦਗੀ ਵਿੱਚ ਇਹ ਕਾਰਾ ਕਰਨਾ ਉਸ ਨੂੰ ਖੁਸ਼ ਕਰਨਾ ਵੀ ਸੀ।
           ਦਿੱਲੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਜ਼ਫਰੁਲ ਇਸਲਾਮ ਖਾਨ ਦੀ ਟੀਮ ਵਲੋਂ ਦੰਗਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਬਿਆਨ ਦਿੱਤਾ ਗਿਆ ਹੈ ਕਿ ਇਹ ਦੰਗੇ, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਵਾਂਗ ਯੋਜਨਾਬੱਧ ਸਨ। ਚੇਅਰਮੈਨ ਦਾ ਕਹਿਣਾ ਹੈ ਕਿ '1500 ਤੋਂ 2000 ਤੱਕ ਦੰਗਾਕਾਰੀਆਂ ਨੂੰ ਬਾਹਰੋਂ ਲਿਆਂਦਾ ਗਿਆ। ਇਨ੍ਹਾਂ ਨੂੰ 24 ਘੰਟੇ ਪਹਿਲਾਂ ਤੱਕ ਸਰਕਾਰੀ ਸਕੂਲਾਂ ਵਿੱਚ ਠਹਿਰਾਇਆ ਗਿਆ। ਜ਼ਾਹਰ ਹੈ ਕਿ ਪੁਲਿਸ ਤੇ ਇੰਟੈਲੀਜੈਂਸ ਏਜੰਸੀਆਂ ਵੀ ਇਨ੍ਹਾਂ ਦੇ ਨਾਲ ਰਲ਼ੀਆਂ ਹੋਈਆਂ ਸਨ। ਇਨ੍ਹਾਂ ਨੂੰ ਖੁੱਲ੍ਹ ਕੇ ਅੱਗਜ਼ਨੀ, ਲੁੱਟ-ਖਸੁੱਟ ਅਤੇ ਮਾਰ-ਮਰਾਈਆ ਕਰਨ ਦੀ ਖੁੱਲ੍ਹ ਦਿੱਤੀ ਗਈ। ਕੋਈ ਸ਼ੱਕ ਨਹੀਂ ਕਿ ਇਸ ਹਿੰਸਾ ਦੇ ਪਿੱਛੇ ਡੂੰਘੀ ਸਾਜ਼ਿਸ਼ ਹੈ।'
           ਯਾਦ ਰਹੇ ਕਿ ਮਰਨ ਵਾਲਿਆਂ ਵਿੱਚ ਬਹੁਤੇ 'ਗੋਲੀ' ਨਾਲ ਮਰੇ ਅਤੇ ਜ਼ਖਮੀਆਂ ਵਿੱਚ ਵੀ 100 ਤੋਂ ਜ਼ਿਆਦਾ ਗੋਲੀਆਂ ਨਾਲ ਜ਼ਖਮੀ ਹਨ। ਪੁਲਿਸ ਨੇ ਤਾਂ ਕੋਈ ਗੋਲੀ ਨਹੀਂ ਚਲਾਈ, ਫਿਰ ਦੰਗਾਕਾਰੀਆਂ ਕੋਲ ਇੰਨੇ ਅਗਨ-ਹਥਿਆਰ ਕਿੱਥੋਂ ਆਏ? ਕੋਈ ਹੈਰਾਨੀ ਨਹੀਂ ਕਿ ਮੋਦੀ ਜਾਂ ਅਮਿਤ ਸ਼ਾਹ ਵਲੋਂ ਅਜੇ ਤੱਕ ਇਸ 'ਤੇ ਇੱਕ ਵੀ ਬਿਆਨ ਨਹੀਂ ਦਿੱਤਾ ਗਿਆ। ਪਾਰਲੀਮੈਂਟ ਵਿੱਚ ਵਿਰੋਧੀ ਧਿਰ ਵਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ, ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ 'ਹੋਲੀ ਤੋਂ ਬਾਅਦ' ਇਸ 'ਤੇ ਚਰਚਾ ਕਰਨਗੇ। ਅਫਸੋਸ! ਜਿਸ ਆਮ ਆਦਮੀ ਪਾਰਟੀ ਨੂੰ ਮੁਸਲਮਾਨਾਂ, ਸਿੱਖਾਂ, ਦਲਿਤਾਂ ਨੇ ਦਿੱਲੀ ਚੋਣਾਂ ਜਿਤਾਈਆਂ, ਉਹ ਵੀ ਇਸ ਹਿੰਸਾ ਦੌਰਾਨ ਕਿਤੇ ਨਜ਼ਰ ਨਹੀਂ ਆਈ। ਮੋਦੀ ਤੇ ਅਮਿਤ ਸ਼ਾਹ ਨਾਲ ਮੁਲਾਕਾਤਾਂ ਕਰਨ ਤੋਂ ਬਾਅਦ ਕੇਜਰੀਵਾਲ, ਦਿੱਲੀ ਪੁਲਿਸ ਦੀ ਤਾਰੀਫ਼ ਕਰਦਾ ਨਜ਼ਰ ਆਇਆ। ਅੱਜ ਭਾਰਤੀ ਨਕਸ਼ੇ ਵਿੱਚ ਘੱਟਗਿਣਤੀਆਂ ਦੀ ਹਾਲਤ-
'ਘੁਟ-ਘੁਟ ਕੇ ਮਰ ਜਾਊਂ
ਯੇ ਮਰਜ਼ੀ ਮੇਰੇ ਸੱਯਾਦ ਕੀ ਹੈ'
ਵਾਲੀ ਬਣ ਗਈ ਹੈ।
         ਅੰਤਰਰਾਸ਼ਟਰੀ ਭਾਈਚਾਰੇ ਵਿੱਚ ਭਾਰਤੀ ਨਿਜ਼ਾਮ ਦਾ ਹਿੰਦੂਤਵੀ ਚਿਹਰਾ ਜ਼ਰੂਰ ਨੰਗਾ ਹੋ ਰਿਹਾ ਹੈ। ਜਨੇਵਾ ਸਥਿਤ ਯੂਨਾਇਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਦੀ ਚੇਅਰਪਰਸਨ ਮਿਸ਼ਲ ਬੈਸ਼ਲੈਟ ਨੇ, ਭਾਰਤੀ ਸੁਪਰੀਮ ਕੋਰਟ ਸਾਹਮਣੇ ਸੀ. ਏ. ਏ. ਸਬੰਧੀ ਇੱਕ ਅਰਜ਼ੀ ਦਾਇਰ ਕੀਤੀ ਹੈ। ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਯੂ. ਐਨ. ਕੌਂਸਲ ਨੂੰ ਸੀ. ਏ. ਏ. ਸਬੰਧੀ ਕੀਤੀ ਜਾਣ ਵਾਲੀ ਸੁਣਵਾਈ ਦੌਰਾਨ ਇੱਕ ਧਿਰ ਵਜੋਂ ਸੱਦਿਆ ਜਾਵੇ। ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਯੂ. ਐਨ. ਦੇ ਇਸ ਕਦਮ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੱਤਾ ਗਿਆ ਹੈ। ਕਾਂਗਰਸ ਦੇ ਐਮ. ਪੀ. ਸ਼ਸ਼ੀ ਥਰੂਰ ਦਾ ਕਹਿਣਾ ਹੈ ਕਿ ਇਸ ਵੇਲੇ ਕੌਮਾਂਤਰੀ ਤੌਰ 'ਤੇ ਜਿੰਨੀ ਭਾਰਤ ਦੀ ਥੂ-ਥੂ ਹੋ ਰਹੀ ਹੈ, ਇੰਨੀ ਪਹਿਲਾਂ ਕਦੀ ਨਹੀਂ ਹੋਈ। ਹਾਲਾਂਕਿ ਇਸ ਦੀਆਂ ਕਾਫੀ ਸੰਭਾਵਨਾਵਾਂ ਹਨ ਕਿ ਸੁਪਰੀਮ ਕੋਰਟ, ਯੂ. ਐਨ. ਦੀ ਪਟੀਸ਼ਨ ਨੂੰ ਨਕਾਰ ਦੇਵੇਗਾ। ਪਰ ਵੇਖਣਾ ਇਹ ਹੈ ਕਿ ਕੀ ਉਸ ਤੋਂ ਬਾਅਦ, ਯੂ. ਐਨ. ਹਿਊਮਨ ਰਾਈਟਸ ਕੌਂਸਲ ਵਲੋਂ, ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ. ਸੀ. ਜੇ.) ਦਾ ਦਰਵਾਜ਼ਾ ਖ਼ੜਕਾਇਆ ਜਾਵੇਗਾ?
           ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਵੀ ਦਿੱਲੀ ਦੀ ਹਿੰਸਾ 'ਤੇ ਇੱਕ ਜ਼ਰੂਰੀ ਸਵਾਲ-ਜਵਾਬ ਸੈਸ਼ਨ ਹੋਇਆ। ਇਸ ਸਬੰਧੀ ਲੇਬਰ ਪਾਰਟੀ ਦੇ ਐਮ. ਪੀ. ਖਾਲਿਦ ਮਹਿਮੂਦ ਦੇ ਸਵਾਲ ਦੇ ਜਵਾਬ ਵਿੱਚ, ਬ੍ਰਿਟੇਨ ਦੇ ਵਿਦੇਸ਼ ਮਾਮਲਿਆਂ ਨਾਲ ਸਬੰਧਿਤ ਸਟੇਟ ਮਿਨਿਸਟਰ ਨਿਗਲ ਐਡਮਜ਼ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਸੀ. ਏ. ਏ. ਦੇ ਪ੍ਰਭਾਵਾਂ ਸਬੰਧੀ ਚਿੰਤਤ ਹੈ ਅਤੇ ਭਾਰਤ ਸਰਕਾਰ ਨਾਲ ਰਾਬਤੇ ਵਿੱਚ ਹੈ। ਉਨ੍ਹਾਂ ਨੇ ਦਿੱਲੀ ਹਿੰਸਾ 'ਤੇ ਵੀ ਚਿੰਤਾ ਜ਼ਾਹਰ ਕੀਤੀ। ਬ੍ਰਿਟਿਸ਼ ਪਾਰਲੀਮੈਂਟ ਵਿਚਲੇ ਦੋਵੇਂ ਸਿੱਖ ਮੈਂਬਰਾਂ-ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਨੇ, ਦਿੱਲੀ ਹਿੰਸਾ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ। ਸਰਦਾਰ ਢੇਸੀ ਨੇ ਕਿਹਾ ਕਿ 'ਮੈਂ ਨਵੰਬਰ '84 ਦੀ ਸਿੱਖ ਨਸਲਕੁਸ਼ੀ ਵੇਖੀ ਹੋਈ ਹੈ ਜਦੋਂਕਿ ਮੈਂ ਉਥੇ ਵਿਦਿਆਰਥੀ ਸੀ। ਘੱਟਗਿਣਤੀਆਂ 'ਤੇ ਹੁੰਦੇ ਜ਼ੁਲਮਾਂ ਨੂੰ ਰੋਕਣ ਲਈ ਬ੍ਰਿਟਿਸ਼ ਸਰਕਾਰ ਨੂੰ ਭਾਰਤ 'ਤੇ ਦਬਾਅ ਬਣਾਉਣਾ ਚਾਹੀਦਾ ਹੈ।' ਯਾਦ ਰਹੇ ਸਰਦਾਰ ਢੇਸੀ ਜਿੱਥੇ ਨੈਟੋ ਕਮੇਟੀ ਦੇ ਡੈਲੀਗੇਟ ਹਨ, ਉਥੇ ਹਾਲ ਹੀ ਵਿੱਚ, ਉਹ ਯੂ. ਕੇ. ਦੀ ਡਿਫੈਂਸ ਕਮੇਟੀ ਦੇ ਵੀ ਮੈਂਬਰ ਚੁਣੇ ਗਏ ਹਨ। ਇਹ ਮਾਣ ਪਹਿਲੀ ਵਾਰ ਕਿਸੇ ਏਸ਼ੀਅਨ ਮੂਲ ਦੇ ਐਮ. ਪੀ. ਨੂੰ ਮਿਲਿਆ ਹੈ।
          ਦਿੱਲੀ ਵਿੱਚ ਹੋਈ ਮੁਸਲਮਾਨ ਵਿਰੋਧੀ ਹਿੰਸਾ ਦੀ 57 ਮੁਸਲਮਾਨ ਦੇਸ਼ਾਂ ਦੀ ਸੰਸਥਾ ਓ. ਆਈ. ਸੀ. ਵਲੋਂ ਨਿੰਦਾ ਕੀਤੀ ਗਈ ਹੈ। ਪਾਕਿਸਤਾਨ, ਮਲੇਸ਼ੀਆ, ਟਰਕੀ, ਇੰਡੋਨੇਸ਼ੀਆ ਵਰਗੇ ਦੇਸ਼ਾਂ ਨੇ ਵੀ ਭਾਰਤੀ ਨੀਤੀਆਂ ਦੇ ਖਿਲਾਫ ਹੋਰ ਸਖਤ ਬਿਆਨਬਾਜ਼ੀ ਕੀਤੀ ਹੈ। ਪਹਿਲੀ ਵਾਰ ਹੈ ਕਿ ਭਾਰਤ ਦੇ ਦੋਸਤ ਈਰਾਨ ਨੇ ਭਾਰਤ ਦੇ ਖਿਲਾਫ ਸਖਤ ਸਟੈਂਡ ਲਿਆ ਹੈ। ਇਸ ਸਬੰਧੀ ਈਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜਾਫਰੀ ਨੇ ਕਿਹਾ ਕਿ 'ਈਰਾਨ, ਭਾਰਤੀ ਮੁਸਲਮਾਨਾਂ ਦੇ ਖਿਲਾਫ ਵਿਓਂਤਬੱਧ ਢੰਗ ਨਾਲ ਕੀਤੀ ਜਾ ਰਹੀ ਹਿੰਸਾ ਦੀ ਨਿਖੇਧੀ ਕਰਦਾ ਹੈ। ਸਦੀਆਂ ਤੋਂ ਈਰਾਨ, ਭਾਰਤ ਦਾ ਦੋਸਤ ਹੈ। ਅਸੀਂ ਭਾਰਤੀ ਅਧਿਕਾਰੀਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਇਹ ਠੱਗਪੁਣਾ ਬੰਦ ਕਰਨ ਅਤੇ ਹਰ ਭਾਰਤੀ ਨਾਗਰਿਕ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।' ਇਸ ਬਿਆਨ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਦਿੱਲੀ ਵਿਚਲੇ ਈਰਾਨ ਦੇ ਅੰਬੈਸਡਰ ਅਲੀ ਛੇਗੇਨੀ ਨੂੰ ਤਲਬ ਕਰਕੇ ਵਿਰੋਧ ਜਤਾਇਆ। ਈਰਾਨ ਦੇ ਧਾਰਮਿਕ ਮੁਖੀ ਆਇਤੁੱਲਾ ਸਈਅਦ ਅਲੀ ਖੁਮੈਨੀ ਨੇ ਭਾਰਤ ਦੇ ਖਿਲਾਫ ਇੱਕ ਜ਼ੋਰਦਾਰ ਬਿਆਨ ਜਾਰੀ ਕਰਦਿਆਂ ਕਿਹਾ ਕਿ 'ਭਾਰਤ ਦੇ ਅੱਤਵਾਦੀ ਹਿੰਦੂਆਂ ਵਲੋਂ ਮੁਸਲਮਾਨਾਂ ਦਾ ਕਤਲੇਆਮ ਬੰਦ ਕੀਤਾ ਜਾਵੇ ਨਹੀਂ ਤਾਂ ਭਾਰਤ ਇਸਲਾਮਿਕ ਜਗਤ ਵਲੋਂ ਅਲੱਗ-ਥਲੱਗ ਹੋਣ ਲਈ ਤਿਆਰ ਰਹੇ।' ਯਾਦ ਰਹੇ ਜਿਸ ਤੇਲ ਨਾਲ ਦਿੱਲੀ ਵਿੱਚ ਅੱਗਜ਼ਨੀ ਕੀਤੀ ਗਈ ਅਤੇ ਮੁਸਲਮਾਨਾਂ ਨੂੰ ਸਾੜਿਆ ਗਿਆ, ਉਹ ਈਰਾਨ, ਸਾਊਦੀ ਅਰਬ ਵਰਗੇ ਮੁਸਲਮਾਨ ਦੇਸ਼ਾਂ ਵਲੋਂ ਵੀ ਸਪਲਾਈ ਕੀਤਾ ਜਾਂਦਾ ਹੈ। ਕੀ ਇਸਲਾਮਿਕ ਮੁਲਕ ਭਾਰਤ ਨੂੰ ਸਬਕ ਸਿਖਾਉਣ ਲਈ ਤੇਲ ਦੀ ਸਪਲਾਈ, ਭਾਵੇਂ ਵਕਤੀ ਤੌਰ 'ਤੇ ਹੀ ਸਹੀ, ਬੰਦ ਨਹੀਂ ਕਰ ਸਕਦੇ?
           ਖੁਸ਼ਕਿਸਮਤੀ ਹੈ ਕਿ ਹਿੰਦੂਤਵੀਆਂ ਵਲੋਂ ਫੈਲਾਈ ਜਾ ਰਹੀ ਇਸ ਨਫ਼ਰਤ ਦੀ ਅੱਗ ਵਿੱਚ, ਸਿੱਖ ਕੌਮ ਇੱਕ ਪਿਆਰ ਦਾ ਦਰਿਆ ਬਣ ਕੇ ਉਮੜੀ ਹੈ। ਜਿੱਥੇ ਦਿੱਲੀ ਦੇ ਸਿੱਖਾਂ ਵਲੋਂ, ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ, ਮੁਸਲਮਾਨ ਪੀੜਤਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀਆਂ ਦਰਜਨਾਂ ਕਹਾਣੀਆਂ ਮੀਡੀਏ ਵਿੱਚ ਹਨ, ਉਥੇ ਸਿੱਖ ਗੁਰਦੁਆਰਿਆਂ ਦੇ ਦਰਵਾਜ਼ੇ, ਪੀੜਤਾਂ ਲਈ 24 ਘੰਟੇ ਖੁੱਲ੍ਹੇ ਹਨ। ਲੰਗਰ ਅਤੇ ਹੋਰ ਜ਼ਰੂਰੀ ਚੀਜ਼ਾਂ ਪੀੜਤਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਨਵੰਬਰ '84 ਦੀ ਪੀੜ ਨੂੰ ਸਿੱਖ ਕੌਮ ਨੇ ਆਪਣੇ ਪਿੰਡੇ 'ਤੇ ਹੰਢਾਇਆ ਹੋਇਆ ਹੈ, ਇਸ ਲਈ ਉਨ੍ਹਾਂ ਨੂੰ ਪੀੜਤਾਂ ਦੀ ਪੀੜ ਸਮਝਣ ਲਈ ਕਿਸੇ 'ਰਾਕੇਟ ਸਾਇੰਸ' ਦੀ ਲੋੜ ਨਹੀਂ ਪਈ। ਹਿੰਦੂਤਵੀਆਂ ਵਲੋਂ ਧਮਕੀਆਂ ਦੇ ਬਾਵਜੂਦ, ਸਿੱਖਾਂ ਨੇ ਆਪਣਾ ਇਨਸਾਨੀ ਮਿਸ਼ਨ ਜਾਰੀ ਰੱਖਿਆ ਹੋਇਆ ਹੈ, ਜਿਸ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋ ਰਹੀ ਹੈ। ਪਾਕਿਸਤਾਨ ਸਮੇਤ ਦੁਨੀਆ ਦੇ ਮੁਸਲਮਾਨਾਂ ਵਲੋਂ ਸਿੱਖਾਂ ਦੀ ਤਾਰੀਫ਼ ਦੇ ਕਸੀਦੇ ਪੜ੍ਹੇ ਜਾ ਰਹੇ ਹਨ। ਸਹਾਰਨਪੁਰ ਵਿੱਚ ਇੱਕ ਝਗੜੇ ਵਾਲੀ ਥਾਂ, ਮੁਸਲਮਾਨਾਂ ਨੇ ਬਿਨ੍ਹਾਂ ਕੋਈ ਮੁਆਵਜ਼ਾ ਲਿਆਂ ਸਿੱਖਾਂ ਦੇ ਹਵਾਲੇ ਕਰ ਦਿੱਤੀ ਹੈ। ਕੇਰਲਾ ਦੇ ਕੋਚੀ ਸ਼ਹਿਰ ਵਿਚਲੀ, ਗਰੈਂਡ ਮਸਜਿਦ ਵਿੱਚ, ਮੁਸਲਮਾਨਾਂ ਵਲੋਂ ਸਿੱਖ ਵਫਦ ਨੂੰ ਜੁੰਮੇ ਦੀ ਨਮਾਜ਼ (ਸ਼ੁੱਕਰਵਾਰ) ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਗਿਆ। ਖੁਤਬੇ ਦੌਰਾਨ, ਸਿੱਖਾਂ ਵਲੋਂ ਦਿੱਲੀ ਵਿੱਚ ਨਿਭਾਏ ਗਏ ਰੋਲ ਲਈ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕੀਤਾ ਗਿਆ।
          ਪ੍ਰਸਿੱਧ ਪੱਤਰਕਾਰ ਪ੍ਰਤੀਸ਼ ਨੰਦੀ ਨੇ ਦੇਸ਼-ਭਗਤੀ ਵਿੱਚ ਓਤ-ਪੋਤ ਇਹ ਟਵੀਟ ਕੀਤਾ, 'ਜਿਹੜਾ ਇਨਸਾਨੀਅਤ ਦਾ ਰੋਲ, ਸਿੱਖ, ਦਿੱਲੀ ਦੇ ਦੰਗਾ-ਪੀੜਤ ਇਲਾਕਿਆਂ ਵਿੱਚ ਨਿਭਾ ਰਹੇ ਹਨ, ਉਸ ਦੇ ਲਈ ਹਰ ਭਾਰਤੀ ਸਿੱਖਾਂ ਨੂੰ ਪਿਆਰ ਅਤੇ ਸਤਿਕਾਰ ਭੇਟ ਕਰਦਾ ਹੈ। ਇਹ ਕੌਮ ਹਮੇਸ਼ਾਂ ਦੇਸ਼ ਲਈ ਇੱਕ ਮਾਣ-ਸਨਮਾਨ ਹੈ। ਹੁਣ ਸਿੱਖ ਦੰਗਾ-ਪੀੜਤਾਂ ਨੂੰ ਘਰ ਬਣਾ ਕੇ ਦੇਣ ਲਈ ਫੰਡ ਇਕੱਠਾ ਕਰ ਰਹੇ ਹਨ।' ਕੀ ਭਾਰਤ ਦੇ ਹਾਕਮ ਲੋਕਾਂ ਨੂੰ ਜੂਨ '84 ਅਤੇ ਨਵੰਬਰ '84 ਯਾਦ ਹੈ?

© 2011 | All rights reserved | Terms & Conditions