ਵਾਸ਼ਿੰਗਟਨ ਸਟੇਟ ਦੇ ਪਹਿਲੇ ਸਿੱਖ ਸੈਨੇਟਰ ਮਨਿਕਾ ਢੀਂਗਰਾ ਜੀ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ
Submitted by Administrator
Saturday, 14 March, 2020- 04:35 am
ਵਾਸ਼ਿੰਗਟਨ ਸਟੇਟ ਦੇ ਪਹਿਲੇ ਸਿੱਖ ਸੈਨੇਟਰ ਮਨਿਕਾ ਢੀਂਗਰਾ ਜੀ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ

ਖਾਲਸਾ ਗੁਰਮਤਿ ਸੈਂਟਰ ਦੀ ਸਮੁੱਚੀ ਟੀਮ ਵਲੋਂ ਪਾਈਆਂ ਜਾ ਰਹੀਆਂ ਇਤਿਹਾਸਕ ਪੈੜਾਂ

ਵਾਸ਼ਿੰਗਟਨ ਸਟੇਟ ਵਲੋਂ ਮਿਡਲ ਸਕੂਲ ਦੀਆਂ ਕਿਤਾਬਾਂ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਪਾਉਣ ਸੰਬੰਧੀ ਕਾਨੂੰਨ ਪਾਸ ਕਰਾਉਣ ਲਈ ਸਫਲਤਾ ਕੀਤੀ ਹਾਸਲ

ਪ੍ਰਾਈਮਰੀ ਸਕੂਲ ਦੀਆਂ ਕਿਤਾਬਾਂ ਵਿਚ ਵੀ ਅਜਿਹੀ ਜਾਣਕਾਰੀ ਪਾਉਣ ਲਈ ਵੀ ਹੋਵੇਗੀ ਕਾਨੂੰਨ ਵਿਚ ਤਬਦੀਲੀ

         ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਵਾਸ਼ਿੰਗਟਨ ਸਟੇਟ ਦੇ ਪਹਿਲੇ ਸਿੱਖ ਸੈਨੇਟਰ ਮਨਿਕਾ ਢੀਂਗਰਾ ਜੀ ਨੂੰ ਜਿਸ ਗੱਲ ਲਈ ਪਿਛਲੇ ਦੋ ਸਾਲਾਂ ਤੋਂ ਬੇਨਤੀ ਕਰ ਰਹੇ ਸੀ ਆਖਰ ਉਨ੍ਹਾਂ ਨੇ ਉਸ ਮੰਗ ਨੂੰ ਪੂਰਾ ਕਰਨ ਦੀ ਖੁਸ਼ਖਬਰੀ ਦੇ ਦਿੱਤੀ ਹੈ।ਮਿਡਲ ਸਕੂਲ ਵਿਚ ਸਿੱਖਾਂ ਦੀ ਥੋੜ੍ਹੀ ਜਾਣਕਾਰੀ ਪਾਉਣ ਲਈ ਕਾਨੂੰਨ ਪਾਸ ਕਰ ਦਿੱਤਾ ਹੈ।ਜਿਸ ਦੀ ਸਮੂਹ ਸਿੱਖ ਜਗਤ ਨੂੰ ਬੇਹੱਦ ਖੁਸ਼ੀ ਹੈ।ਉਹ ਅਗੋਂ ਪ੍ਰਾਈਮਰੀ ਸਕੂਲ ਵਿਚ ਵੀ ਅਜਿਹੀ ਜਾਣਕਾਰੀ ਪਾਉਣ ਲਈ ਇਸ ਸਾਲ ਕਾਨੂੰਨ ਪਾਸ ਕਰਾਉਣਗੇ।ਗੱਲਬਾਤ ਦੌਰਾਨ ਜਦ ਸਤਪਾਲ ਸਿੰਘ ਪੁਰੇਵਾਲ ਨੇ ਉਨ੍ਹਾਂ ਨੂੰ ਕਿਹਾ ਕਿ ਇੱਕ ਮੰਗ ਹੋਰ ਹੈ ਤਾਂ ਉਹ ਇਹ ਸੁਣ ਬਹੁਤ ਖੁਸ਼ ਹੋਏ। ਕਹਿੰਦੇ " ਹੁਣ ਉਹ ਕੀ ਹੈ" ? ਤਾਂ ਪੁਰੇਵਾਲ ਕਿਹਾ ਜੀ ਕਿ ਇੱਕ ਛੁੱਟੀ ਸਿੱਖਾਂ ਦੇ ਕਿਸੇ ਇੱਕ ਦਿਨ ਦੀ ਹੋਵੇ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਕਾਰਜ ਨੂੰ ਸੌਖੇ ਢੰਗ ਨਾਲ ਸਿਰੇ ਲਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੂਜੇ ਧਰਮ ਲਈ ਬਲੀਦਾਨ ਦੇਣਾ ਜਾਂ ਭਾਈ ਘਨੱਈਆ ਜੀ ਦਾ ਦੁਸ਼ਮਣ ਜਖਮੀਆਂ ਨੂੰ ਪਾਣੀ ਪਿਆਉਣਾ ਇਹ ਦੱਸਣਾ ਕਿ ਉਨ੍ਹਾਂ ਨੂੰ ਹਰ ਕਿਸੇ ਵਿਚ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹਨ ਵਗੈਰਾ ਕੁੱਝ ਮਿਸਾਲਾਂ ਵੀ ਦਿੱਤੀਆਂ।ਇੱਥੇ ਦਸਣਾ ਚਾਹਾਂਗੇ ਕਿ ਇੱਕ ਸਖਸ਼ੀਅਤ ਵਲੋਂ ਇਹ ਸੁਝਾਅ ਵੀ ਆਇਆ ਹੈ ਕਿ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਦਿਵਸ ਦੀ ਵੀ ਰੱਖੀ ਜਾ ਸਕਦੀ ਹੈ ਕਿਉਂਕਿ ਹਿਊਸਟਨ ਵਿਚ ਉਨ੍ਹਾਂ ਦੇ ਨਾਮ ਤੇ ਪਹਿਲਾਂ ਹੀ ਛੁੱਟੀ ਐਲਾਨੀ ਜਾ ਚੁੱਕੀ ਹੈ।ਵੈਸੇ ਸਭ ਤੋਂ ਵਧੀਆ ਦਿਨ ਖਾਲਸਾ ਸਾਜਨਾ ਦਿਵਸ ਹੀ ਰਹੇਗਾ ਪਰ ਇਸ ਲਈ ਅਜੇ ਲੰਬੇ ਸੰਘਰਸ਼ ਦੀ ਲੋੜ ਹੈ।

         ਸਿਆਟਲ ਦੀ ਨੌਜਵਾਨ ਪੀੜ੍ਹੀ ਵਲੋਂ ਇਸ ਮਹੀਨੇ ਨੂੰ ‘ਸਿੱਖ ਅਵੇਅਰਨੈਸ ਮੰਥ’ ਦੇ ਤੌਰ ਤੇ ਮਨਾਉਣ ਲਈ ਕਈ ਸ਼ਹਿਰਾਂ ਵਿਚ ਹਰ ਸਾਲ ਮਤੇ ਪੁਵਾਏ ਜਾਂਦੇ ਹਨ।ਪਿਛਲੇ ਦੋ ਸਾਲ ਤੋਂ ਸਟੇਟ ਪੱਧਰ ਇਹ ਮਤੇ ਪਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਇੱਕ ਸ਼ਲਾਗਾਯੋਗ ਉਪਰਾਲਾ ਹੈ ਅਤੇ ਇਸ ਕਾਰਜ ਨੂੰ ਸਿਰੇ ਲਾਉਣ ਲਈ ਸਹਾਈ ਹੋਵੇਗਾ।ਸਤਿਗੁਰੂ ਬਖਸ਼ਿਸ ਕਰਨ ਫਤਿਹ ਖਾਲਸੇ ਦੀ ਯਕੀਨੀ ਹੋਵੇਗੀ ਸਮਾਂ ਵੱਧ ਘੱਟ ਲੱਗ ਸਕਦਾ ਹੈ।

        ਉਨ੍ਹਾਂ ਅੱਗੇ ਪਹਿਲੀ ਵਾਰ ਇਹ ਮੰਗ ਰੱਖੀ ਸੀ ਤਾਂ ਇਸ ਤਰ੍ਹਾਂ ਲਗਦਾ ਸੀ ਕਿ ਇਹ ਨਹੀਂ ਹੋ ਸਕਣਾ ਕਿਉਂਕਿ ਅਮਰੀਕਾ ਵਿਚ ਧਰਮ ਨੂੰ ਸਕੂਲਾਂ ਤੋਂ ਦੂਰ ਰੱਖਿਆ ਜਾਂਦਾ ਹੈ।ਬਹੁਤਿਆਂ ਦਾ ਕਹਿਣਾ ਹੁੰਦਾ ਸੀ ਕਿ ਇਹ ਕਿੱਥੇ ਮੰਨਣਗੇ।ਬਹੁਤ ਸਾਰੀਆਂ ਲਾਅ ਐਂਡ ਆਰਡਰ ਏਜੰਸੀਆਂ ਵੀ ਇਹੋ ਕਹਿੰਦੀਆਂ ਸਨ।ਅਸੀਂ ਜਦੋਂ ਵੀ ਕੋਈ ਨਸਲੀ ਵਿਤਕਰੇ ਦੀ ਰਿਪੋਰਟ ਕਰਾਉਣ ਸਮੇਂ ਉਨ੍ਹਾਂ ਨੂੰ ਕਹਿਣਾ ਕਿ ਲੋਕਾਂ ਨੂੰ ਸਿੱਖ ਧਰਮ ਬਾਰੇ ਸਹੀ ਜਾਣਕਾਰੀ ਨਹੀਂ ਇਸ ਕਰ ਕੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।ਇਸ ਲਈ ਸਿੱਖ ਧਰਮ ਬਾਰੇ ਜਾਣਕਾਰੀ ਦੇਣੀ ਸਕੂਲਾਂ ਤੋਂ ਸ਼ੁਰੂ ਕਰੋ ਤਾਂ ਉਨ੍ਹਾਂ ਦਾ ਜਵਾਬ ਵੀ ਇਹੀ ਹੁੰਦਾ ਸੀ ਕਿ ਇਹ ਸੰਭਵ ਨਹੀਂ ਹੈ।ਕਾਨੂੰਨ ਇਜਾਜਤ ਨਹੀਂ ਦਿੰਦਾ।ਸੋ ਕਾਨੂੰਨ ਵਿਚ ਸੋਧ ਕਰਨ ਦਾ ਜੋ ਕਾਰਜ ਸਟੇਟ ਸੈਨੇਟਰ ਮਨਕਾ ਢੀਂਗਰਾ ਜੀ ਨੇ ਕਰ ਵਿਖਾਇਆ ਹੈ ਇੰਨਾ ਆਸਾਨ ਕੰਮ ਨਹੀਂ ਸੀ।ਉਨ੍ਹਾਂ ਦੱਸਿਆ ਕਿ ਹੁਣ ਇਹ ਵੱਖ ਵੱਖ ਧਰਮਾਂ ਬਾਰੇ ਜਾਣਕਾਰੀ ਦੇ ਰੂਪ ਵਿਚ ਦਰਜ ਕੀਤਾ ਜਾਵੇਗਾ।ਇਸ ਨਾਲ ਬਾਕੀ ਧਰਮਾਂ ਲਈ ਵੀ ਰਾਹ ਖੁਲ੍ਹ ਗਿਆ ਹੈ।

         ਉਨ੍ਹਾਂ ਨੇ ਸਾਨੂੰ ਅਗਲੀ ਜਾਣਕਾਰੀ ਜੋ ਕਿਤਾਬਾਂ ਵਿਚ ਪਾਉਣੀ ਹੈ ਘੱਲਣ ਨੂੰ ਕਿਹਾ ਹੈ।ਜੋ ਇੱਕ ਪੰਥਕ ਮਸਲਾ ਹੈ ਇਸ ਲਈ ਪੂਰੀ ਘੋਖ ਵਿਚਾਰ ਕੇ ਘੱਲੀ ਜਾਵੇਗੀ।ਵੈਸੇ ਅਸੀਂ ਉਨ੍ਹਾਂ ਨੂੰ ਕੁੱਝ ਕੂ ਸੁਝਾਅ ਜਰੂਰ ਦਿੱਤੇ ਹਨ।ਜਿਵੇਂ ਕਿ ਸਿੱਖਾਂ ਦੀ ਮੁੱਢਲੀ ਜਾਣਕਾਰੀ ਤੋਂ ਇਲਾਵਾ ਇਹ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ, ਸਾਰਾਗੜ੍ਹੀ ਦੀ ਜੰਗ, ਵਰਲਡ ਵਾਰ ਸੈਕਿੰਡ ਵਿਚ ਸਿੱਖਾਂ ਦਾ ਯੋਗਦਾਨ, ਅਮਰੀਕਾ ਵਿਚ ਸਿੱਖ ਕਦੋਂ ਤੋਂ ਆਉਣੇ ਸ਼ੁਰੂ ਹੋਏ ਅਤੇ ਉਨ੍ਹਾਂ ਦਾ ਯੋਗਦਾਨ, ਪਰ ਇਹ ਸਰਕਾਰ ਵਲੋਂ ਆਏ ਅਗਲੇ ਫੈਸਲੇ ਤੇ ਨਿਰਭਰ ਕਰਨਗੇ ਕਿ ਕਿਸ ਨੂੰ ਕਿੰਨੀ ਜਗ੍ਹਾ ਮਿਲਦੀ ਹੈ।ਅਸੀਂ ਇੱਕ ਵਾਰ ਫਿਰ ਤੋਂ ਸਮੁੱਚੀ ਕੌਮ ਵਲੋਂ ਸਤਿਕਾਰਰਯੋਗ ਭੈਣ ਜੀ ਸਟੇਟ ਸੈਨੇਟਰ ਮਨਕਾ ਢੀਂਗਰਾ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਸਮੁੱਚੀ ਵਾਸ਼ਿਗਟਨ ਸਰਕਾਰ ਦਾ ਧੰਨਵਾਦ ਕਰਦੇ ਹਾਂ।ਉਨ੍ਹਾਂ ਵਲੋਂ ਸਰਬੱਤ ਦਾ ਭਲੇ ਲਈ ਸੋਚਣ ਅਤੇ ਕੰਮ ਲਈ ਦਿਲੋਂ ਦੁਆਵਾਂ ਕਰਦੇ ਹਾਂ।

        ਅਖੀਰ ਵਿਚ ਖਾਲਸਾ ਗੁਰਮਤਿ ਸੈਂਟਰ ਦੀ ਸਮੁੱਚੀ ਟੀਮ ਦਾ ਵੀ ਧੰਨਵਾਦ।ਖਾਸ ਕਰਕੇ ਡਾਕਟਰ ਜਸਮੀਤ ਸਿੰਘ ਜਿਨ੍ਹਾਂ ਨੇ ਸਰਕਾਰ ਦੇ ਉੱਚ ਪੱਧਰ ਦੇ ਅਹਿਲਕਾਰਾਂ ਨਾਲ ਵਧੀਆ ਸੰਬੰਧ ਸਥਾਪਤ ਕੀਤੇ ਹੋਏ ਹਨ।ਸਿਥਾਰਥ ਸਿੰਘ ਅਤੇ ਸੁਮੀਤ ਕੌਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੈਨੇਟਰ ਮਨਕਾ ਢੀਂਗਰਾ ਜੀ ਨੂੰ ਖਾਲਸਾ ਗੁਰਮਤਿ ਸੈਂਟਰ ਲਿਆਂਦਾ, ਹਰ ਸੁਨੇਹੇ ਨੂੰ ਇਮੇਲ ਰਾਹੀਂ ਉਨ੍ਹਾਂ ਤੱਕ ਪਹੁੰਚਦਾ ਕੀਤਾ ਅਤੇ ਕਰ ਰਹੇ ਹਨ।ਸ.ਹਰਜਿੰਦਰ ਸਿੰਘ ਸੰਧੂ ਜੀ ਅਤੇ ਉਨ੍ਹਾਂ ਦੇ ਸੁਪਤਨੀ ਅਮਰਜੀਤ ਕੌਰ (ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜੀ ਦੇ ਭੈਣ ਜੀ) ਦਾ ਵੀ ਧੰਨਵਾਦ ਜਿਨ੍ਹਾਂ ਦੇ ਗ੍ਰਹਿ ਵਿਖੇ ਪਹਿਲੀ ਵਾਰ Jul 31 2018 ਸੈਨੇਟਰ ਮਨਕਾ ਢੀਂਗਰਾ ਜੀ ਗੱਲ ਕਰਨ ਦਾ ਮੌਕਾ ਮਿਲਿਆ।ਰੈਡਮੰਡ ਵਿਖੇ ਮਨਕਾ ਜੀ ਦੇ ਸਮਰਥਕਾਂ ਵਲੋਂ ਰੱਖੇ ਫੰਡ ਰੇਜਿੰਗ ਡਿਨਰ ਸਮੇਂ ਸੱਦਾ ਦੇਣ ਵਾਲਿਆਂ ਦਾ ਵੀ ਧੰਨਵਾਦ।ਇਸ ਸਮਾਗਮ ਵਿਚ ਹੀ ਸਤਪਾਲ ਸਿੰਘ ਪੁਰੇਵਾਲ ਵਲੋਂ September 23, 2019 ਮਨਕਾ ਢੀਂਗਰਾ ਜੀ ਨਾਲ ਇਹੀ ਮੰਗ ਦੂਜੀ ਵਾਰ ਦੁਹਰਾਈ ਗਈ ਸੀ।ਜਿਸ ਵਿਚ ਸ. ਹੀਰਾ ਸਿੰਘ ਭੁੱਲਰ, ਰਣਜੀਤ ਕੌਰ ਜੀ ਅਤੇ ਸ.ਕੁਰਵਿੰਦਰ ਸਿੰਘ ਪੰਨੂ ਵੀ ਪਹੁੰਚੇ ਹੋਏ ਸਨ।ਸ. ਹੀਰਾ ਸਿੰਘ ਭੁੱਲਰ ਜੀ ਦਾ ਵੀ ਧੰਨਵਾਦ ਜੋ ਪਿਛਲੇ ਲੰਮੇ ਸਮੇਂ ਤੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਥਾਹ ਯੋਗਦਾਨ ਪਾ ਰਹੇ ਹਨ।ਭੁੱਲਰ ਸਾਹਿਬ ਨੇ ਹੀ ਓਲੰਪੀਆ ਵਿਚ ਕੀਮਤੀ ਪਲਾਂ ਨੂੰ ਕੈਮਰੇ ਵਿਚ ਕੈਦ ਕੀਤਾ ਅਤੇ ਹਰ ਮੀਟਿੰਗ ਵਿਚ ਹਾਜਰੀ ਵੀ ਭਰਦੇ ਰਹੇ ਹਨ। ਸਤਿਗੁਰੂ ਰਹਿਮਤ ਕਰਨ ਖਾਲਸਾ ਗੁਰਮਤਿ ਸੈਂਟਰ ਦੀ ਸਮੁੱਚੀ ਟੀਮ ਕੌਮ ਇਸੇ ਤਰ੍ਹਾਂ ਦੀ ਚੜ੍ਹਦੀ ਕਲਾ ਲਈ ਕੰਮ ਕਰਦੀ ਰਹੇ।

         September 23, 2019 ਨੂੰ ਪੁਰੇਵਾਲ ਵਲੋਂ ਕੀਤੀ ਗੱਲਬਾਤ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਰਹੇ ਹਾਂ ਜੋ ਇਸ ਪ੍ਰਕਾਰ ਸੀ :-“ਆਪ ਜੀ ਭਲੀਭਾਂਤ ਜਾਣਦੇ ਹੋ ਕਿ ਸਿੱਖਾਂ ਨਾਲ ਨਸਲੀ ਵਿਤਕਰਾ ਲਗਾਤਾਰ ਜਾਰੀ ਹੈ । ਅਜੇ ਕੁੱਝ ਦਿਨ ਪਹਿਲਾਂ ਹੀ ਕੈਲੇਫੋਰਨੀਆਂ ਵਿਚ ਇੱਕ ਸਿੱਖ ਦਾ ਕਤਲ ਕਰ ਦਿੱਤਾ ਗਿਆ ਸੀ।ਭਾਵੇਂ ਕਿ ਨਫਰਤ ਮਨੁੱਖੀ ਸੁਭਾਅ ਦਾ ਇੱਕ ਹਿੱਸਾ ਹੈ ਪਰ ਬਹੁਤ ਵਾਰ ਇਹ ਵਿਤਕਰਾ ਸਿੱਖ ਧਰਮ ਬਾਰੇ ਮੁਕੰਮਲ ਜਾਣਕਾਰੀ ਦਾ ਨਾ ਹੋਣਾ ਵੀ ਹੈ।ਜਿਸ ਦੇ ਅਸੀਂ ਖੁਦ ਜੁੰਮੇਵਾਰ ਹਾਂ।ਅਸੀਂ ਅਜੇ ਤੱਕ ਦੁਨੀਆਂ ਨੂੰ ਦੱਸ ਹੀ ਨਹੀਂ ਸਕੇ ਕਿ ਸਿੱਖ ਇੱਕ ਵੱਖਰੀ ਕੌਮ ਹੈ।ਅਸੀਂ ਓਸਾਮਾ ਬਿਨ ਲਾਦੇਨ ਦੇ ਅਨੁਯਾਈ ਨਹੀਂ ਹਾਂ।ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਆਪ ਜੀ ਯਤਨ ਕਰ ਕੇ ਸਿੱਖਾਂ ਬਾਰੇ ਕੁੱਝ ਜਾਣਕਾਰੀ ਸਕੂਲ ਵਿਚ ਪੜ੍ਹਾਈਆਂ ਜਾਂਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਕਰਵਾ ਸਕੋ ਤਾਂ ਇਹ ਸਿੱਖ ਕੌਮ ਅਤੇ ਦੇਸ਼ ਦੀ ਵੱਡੀ ਸੇਵਾ ਹੋਵੇਗੀ।”

1. ਮਿਡਲ ਸਕੂਲ ਦੀ ਪਹਿਲੀ ਕਲਾਸ ਵਿਚ ਸਿੱਖਾਂ ਬਾਰੇ ਜਾਣਕਾਰੀ ਦਾ ਇੱਕ ਪਾਠ ਪਾਉਣ ਦਾ ਯਤਨ ਕਰਨ ਕੀਤੇ ਜਾਣ ਜਿਸ ਵਿਚ ਸਿੱਖਾਂ ਦੇ ਪਹਿਰਾਵੇ ਦੀ ਜਾਣਕਾਰੀ ਹੋਵੇ
ਜਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਹੋਵੇ
ਜਾਂ ਸਾਰਾਗੜ੍ਹੀ ਦੀ ਜੰਗ ਦਾ ਇਤਿਹਾਸ ਜਾਂ ਦੂਜੀ ਸੰਸਾਰ ਜੰਗ ਵਿਚ ਸਿੱਖਾਂ ਦਾ ਯੋਗਦਾਨ। ਹੋ ਸਕੇ ਤਾਂ ਥੋੜ੍ਹਾ ਥੋੜ੍ਹਾ ਇਹ ਸਾਰਾ ਕੁੱਝ ।
ਜਾਂ ਜਿਵੇਂ ਆਪ ਜੀ ਦੇ ਕੀ ਵਿਚਾਰ ਹੋਣ ।
ਜਾਂ ਜਿੰਨਾ ਵੀ ਸੰਭਵ ਹੋ ਸਕੇ।

2. ਫਰਿਜ਼ਨੋ ਸਿਟੀ ਦੇ ਮੇਅਰ ਅਤੇ ਬਾਕੀ ਪ੍ਰਬੰਧਕਾਂ ਨਾਲ ਮਿਊਜ਼ੀਅਮ ਵਿਚ ਇੱਕ ਹਿੱਸਾ ਸਿੱਖ ਵਿਰਸੇ ਦੇ ਨਾਮ ਕੀਤੇ ਜਾਣ ਦੀ ਸਹਿਮਤੀ ਬਣ ਗਈ ਹੈ।ਕੀ ਕੋਈ ਅਜਿਹਾ ਉਪਰਾਲਾ ਵੱਡੀ ਪੱਧਰ ਤੇ ਸਿਆਟਲ ਵਿਚ ਹੋ ਸਕਦਾ ਹੈ ਜੀ।ਇਸ ਸੰਬੰਧੀ ਆਪ ਜੀ ਨੂੰ ਬੇਨਤੀ ਹੈ ਕਿ ਕੋਈ ਅਜਿਹੀ ਕੋਸ਼ਿਸ਼ ਜਰੂਰ ਕਰੋ ਜੀ।
          ਇਸ ਮੀਟਿੰਗ ਦੌਰਾਨ ਉਨ੍ਹਾਂ ਪੁਰੇਵਾਲ ਨੂੰ ਭਰੋਸਾ ਦਿੰਦਿਆ ਕਿਹਾ ਸੀ ਕਿ ਉਹ ਦੋ ਹਫਤੇ ਤੱਕ OSPI ਨਾਲ ਮੀਟਿੰਗ ਤੇ ਜਾ ਰਹੇ ਹਨ ਅਤੇ ਉੱਥੇ ਉਨ੍ਹਾਂ ਨਾਲ ਇਸ ਵਿਸ਼ੇ ਤੇ ਵਿਚਾਰ ਕਰਨਗੇ।ਆਪ ਜੀ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਵਾਸ਼ਿੰਗਟਨ ਸਟੇਟ ਦੀ ਉਹ ਸੰਸਥਾ ਹੈ ਜੋ K1 (ਕਿੰਡਰ ਗਾਰਟਨ) ਤੋਂ ਲੈ ਕੇ ਹਾਈ ਸਕੂਲ ਤੱਕ ਬੱਚਿਆਂ ਦਾ ਸਲੇਬਸ ਤਿਆਰ ਕਰਦੀ ਹੈ।

© 2011 | All rights reserved | Terms & Conditions