ਸਿਆਟਲ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ
Submitted by Administrator
Saturday, 14 May, 2011- 05:45 am
ਸਿਆਟਲ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ

ਸਿਆਟਲ : ਮਈ 7, 2011 (ਯੂ ਨਿਊਜ਼ ਟੂਡੇ) ਸਿਆਟਲ ਇਲਾਕੇ ਦੀਆਂ ਸਿੱਖ ਸੰਗਤਾਂ ਵਲੋਂ ਅੱਜ ਵਿਸਾਖੀ ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ । ਸਿਟੀ ਵਲੋਂ ਲਾਈਆਂ ਕੁਝ ਬੰਦਸ਼ਾਂ ਦੇ ਕਾਰਨ ਨਗਰ ਕੀਰਤਨ ਵਿੱਚ ਸਿਰਫ ਦੋ ਹੀ ਫਲੋਟ ਲਗਾਏ ਜਾ ਸਕੇ । ਮੌਸਮ ਨੇ ਵੀ ਕਈ ਰੰਗ ਵਖਾਏ ਪਰ ਜ਼ਿਆਦਾ ਕਰਕੇ ਸਾਫ ਹੀ ਰਿਹਾ। ਸਿੱਖ ਸੰਗਤਾਂ ਨੇ ਦੂਰ ਦੁਰਾਡੇ ਤੋਂ ਪਹੁੰਚ ਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ। ਕਨੇਡਾ ਤੋਂ ਵੀ ਕਈ ਨਾਮਵਰ ਸਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ। ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਅਤੇ ਗੁਰਦੁਆਰਾ ਸਾਹਿਬ ਸੇਲਮ ਦੇ ਪ੍ਰਬੰਧਕ ਵੀ ਸੰਗਤਾਂ ਨੂੰ ਲੈਕੇ ਪਹੁੰਚੇ ਹੋਏ ਸਨ । ਕੇਸਰੀ ਰੰਗ ਵਿੱਚ ਰੰਗਿਆ ਠਾਠਾਂ ਮਾਰਦਾ ਇਕੱਠ ਇਕ ਵਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ ।ਗੁਰੂ ਸਾਹਿਬ ਜੀ ਦੇ ਫਲੋਟ ਉਤੇ ਇਲਾਹੀ ਬਾਣੀ ਦਾ ਕੀਰਤਨ ਚਲ ਰਿਹਾ ਸੀ । ਫਲੋਟ ਦੇ ਪਿਛੇ ਸੰਗਤਾਂ ਨਾਮ ਸਿਮਰਨ ਕਰਦੀਆਂ ਫ਼ਿਜ਼ਾ ਵਿੱਚ ਹੋਰ ਰੰਗ ਭਰ ਰਹੀਆਂ ਸਨ।ਛੋਟੇ ਛੋਟੇ ਬਚੇ ਗਤਕਾ ਖੇਡ ਰਹੇ ਸਨ । ਇਹ ਦ੍ਰਿਸ ਮਨ ਨੂੰ ਮੋਹਣ ਵਾਲਾ ਸੀ।ਢਾਡੀ ਸਿੰਘ ਸਿੱਖ ਸੂਰਮਿਆਂ ਦੀਆਂ ਵਾਰਾਂ ਗਾਕੇ ਸੰਗਤਾਂ ਵਿੱਚ ਨਵਾਂ ਜੋਸ ਭਰ ਰਹੇ ਸਨ।ਢੱਡ ਸਾਰੰਗੀ ਦੀਆਂ ਸੁਰਾਂ ਵਾਤਾਵਰਣ ਨੂੰ ਹੋਰ ਵੀ ਸੁਗੰਧਿਤ ਬਣਾ ਰਹੀਆਂ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਉੱਤੇ ਹੈਲੀਕਾਪਟਰ ਰਾਹੀਂ ਫੁਲਾਂ ਦੀ ਬਰਖਾ ਵੀ ਕੀਤੀ ਗਈ । ਸੇਵਾ ਵਿੱਚ ਲਗੇ ਨੌਜਵਾਨਾਂ ਵਿੱਚ ਵਖਰਾ ਉਤਸ਼ਾਹ ਅਤੇ ਚਾਅ ਸੀ ਜਿਸ ਦਾ ਇਜ਼ਹਾਰ ਉਨ੍ਹਾਂ ਨੇ ਨਗਰ ਕੀਰਤਨ ਦੀ ਸਮਾਪਤੀ ਸਮੇਂ ਜੈਕਾਰੇ ਗਜ਼ਾ ਕੇ ਕੀਤਾ ।ਕਮੇਟੀ ਵਲੋਂ ਦਿੱਤੀ ਸੇਵਾ ਨੂੰ ਪੂਰੀ ਕਾਮਯਾਬੀ ਨਾਲ ਨਿਭਾਉਣ ਦੀ ਖ਼ੁਸ਼ੀ ਉਨ੍ਹਾਂ ਦੇ ਚਿਹਰਿਆਂ ਤੋਂ ਡੁਲ ਡੁਲ ਪੈਂਦੀ ਸੀ।ਰਸਤੇ ਵਿੱਚ ਬਹੁਤ ਸਾਰੇ ਸਟਾਲ ਲਗੇ ਹੋਏ ਹਨ।ਜਿਸ ਵਿੱਚ ਸੇਵਾਦਾਰ ਚਾਹ ਪਾਣੀ,ਸਮੋਸੇ,ਜਲੇਬੀਆਂ,ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ,ਤਰ੍ਹਾਂ ਤਰ੍ਹਾ ਦੇ ਜੂਸ ਅਤੇ ਸੋਡੇ ਵਰਤਾ ਕੇ ਸੰਗਤਾਂ ਦੀ ਖ਼ੁਸ਼ੀ ਲੈ ਰਹੇ ਸਨ।ਗੁਰਦੁਆਰਾ ਸਾਹਿਬ ਵਿੱਚ ਵੀ ਲੰਗਰ ਸੇਵਾ ਕਰਨ ਵਾਲਿਆਂ ਕੋਈ ਕਸਰ ਨਹੀਂ ਛਡੀ । ਵਾਸ਼ਿੰਗਟਨ ਡੀ ਸੀ ਤੋਂ ਉਚੇਚੇ ਤੌਰ ਤੇ ਪਹੁਚੇ ਡਾ.ਅਮਰਜੀਤ ਸਿੰਘ ਜੀ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਆਈਆਂ ਸਿਖ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਖਾਲਿਸਤਾਨ ਐਲਾਨ ਦਿਵਸ ਦੀ 25 ਵੀਂ ਵਰ੍ਹੇ ਗੰਢ ਸਬੰਧੀ ਬੋਲਦਿਆਂ ਕਿਹਾ "ਕਿ ਪਿਛਲੇ 25 ਸਾਲਾਂ ਵਿੱਚ ਖਾਲਸੇ ਦੇ ਹਜ਼ਾਰਾਂ ਸਿੰਘ ਸਿੰਘਣੀਆਂ ਨੇ, ਖਾਲਿਸਤਾਨ ਦੀ ਮੰਜ਼ਿਲ ਨੂੰ ਹਾਸਿਲ ਕਰਨ ਲਈ ਆਪਣੇ ਸੀਸ ਭੇਟ ਕੀਤੇ ਹਨ।ਅਸੀਂ ਸਿੱਖ ਹੋਣ ਦੇ ਨਾਤੇ ਆਪਣੇ ਫ਼ਰਜ਼ ਨੂੰ ਪਛਾਣੀਏ ਅਤੇ ਖਾਲਿਸਤਾਨ ਦੀ ਪ੍ਰਪਤੀ ਲਈ ਆਪਣਾ ਬਣਦਾ ਯੋਗਦਾਨ ਪਾਈਏ"।ਉਸ ਤੋਂ ਉਪਰੰਤ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ (ਕਨੇਡਾ) ਦੇ ਡਾਇਰੈਕਟਰ ਸ.ਜਗਤਾਰ ਸਿੰਘ ਸੰਧੂ ਨੇ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ।ਅਖੀਰ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ.ਜਸਵਿੰਦਰ ਸਿੰਘ ਗਰੇਵਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਅਦਾਰਾ ਯੂ ਨਿਊਜ਼ ਟੂਡੇ ਵਲੋਂ ਇਸ ਮੌਕੇ ਅਪਣਾ ਵੈਬ ਸਾਈਟ ਵੀ ਲਾਂਚ ਕੀਤਾ ਗਿਆ।ਵੈਬ ਸਾਈਟ ਦੇ ਹੋਸਟ ਸ.ਸਤਪਾਲ ਸਿੰਘ ਪੁਰੇਵਾਲ ਵਲੋਂ ਜਿਥੇ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ਜਾਂਦੀ ਹੈ ਉਥੇ ਭਾਰੀ ਔਕੜਾਂ ਦੇ ਬਾਵਜੂਦ ਨਗਰ ਕੀਰਤਨ ਨੂੰ ਸਫਲਤਾ ਸਹਿਤ ਨੇਪਰੇ ਚਾੜਨ ਲਈ ਗੁਰਦੁਆਰਾ ਕਮੇਟੀ ਦਾ ਧੰਨਵਾਦ ਵੀ ਕੀਤਾ ਜਾਂਦਾ ਹੈ।

© 2011 | All rights reserved | Terms & Conditions